ਢਾਕਾ, 26 ਸਤੰਬਰ
ਬੰਗਲਾਦੇਸ਼ ਵਿੱਚ ਬੀਤੇ ਦਿਨੀ ਕਿਸ਼ਤੀ ਡੁੱਬਣ ਕਾਰਨ ਵਾਪਰੇ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 50 ਹੋ ਗਈ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਅਤੇ ਮਹਿਲਾਵਾਂ ਸ਼ਾਮਲ ਹਨ। ਜਾਣਕਾਰੀ ਅਨੁਸਾਰ ਕਿਸ਼ਤੀ ਵਿੱਚ ਹਿੰਦੂ ਸ਼ਰਧਾਲੂ ਸਵਾਰ ਸਨ, ਜੋ ਦੁਰਗਾ ਪੂਜਾ ਦੀ ਸ਼ੁਰੂਆਤ ਸਮੇਂ ਮਾਹੱਲਿਆ ਉਤਸਵ ਸਬੰਧੀ ਬੋਦੇਸ਼ਵਰੀ ਮੰਦਰ ਵੱਲ ਜਾ ਰਹੇ ਸਨ। ਪੰਚਗੜ੍ਹ ਜ਼ਿਲ੍ਹੇ ਵਿੱਚੋਂ ਲੰਘਦੇ ਕੋਰੋਤੋਆ ਦਰਿਆ ਵਿੱਚ ਵਾਪਰੇ ਹਾਦਸੇ ਦੌਰਾਨ ਕਿਸ਼ਤੀ ਵਿੱਚ ਸਮਰੱਥਾ ਤੋਂ ਵੱਧ ਵਿਅਕਤੀ ਸਵਾਰ ਸਨ। ਫਾਇਰ ਸਰਵਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲਾਪਤਾ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੰਚਗੜ੍ਹ ਦੇ ਏਡੀਸੀ ਰੈਵੇਨਿਊ ਦੀਪਾਂਕਰ ਰੌਏ ਨੇ ਕਿਹਾ ਕਿ ਹੁਣ ਤੱਕ 11 ਬੱਚਿਆਂ, 21 ਮਹਿਲਾਵਾਂ, 7 ਸੱਤ ਪੁਰਸ਼ਾਂ ਸਮੇਤ ਕੁੱਲ 50 ਲਾਸ਼ਾਂ ਬਰਾਮਦ ਹੋਈਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਕਿਸ਼ਤੀ ਵਿੱਚ 80 ਮੁਸਾਫਿਰ ਸਵਾਰ ਸਨ। ਹਾਲਾਂਕਿ ਪ੍ਰਤੱਖਦਰਸ਼ੀਆਂ ਦਾ ਦਾਅਵਾ ਹੈ ਕਿ ਕਿਸ਼ਤੀ ਵਿੱਚ 150 ਤੋਂ ਵੱਧ ਮੁਸਾਫ਼ਿਰ ਸਵਾਰ ਸਨ। –ਪੀਟੀਆਈ