ਹਰਜੀਤ ਲਸਾੜਾ
ਬ੍ਰਿਸਬਨ, 27 ਜਨਵਰੀ
ਇੱਥੇ ਸੰਘੀ ਅਤੇ ਸੂਬਾ ਸਰਕਾਰਾਂ ਵੱਲੋਂ ਦੇਸ਼ ਭਰ ਵਿੱਚ ‘ਆਸਟਰੇਲੀਆ ਡੇਅ’ (26 ਜਨਵਰੀ) ਨੂੰ ਸਮਰਪਿਤ ਰਾਜਸੀ ਸਮਾਗਮ ਕਰਵਾਏ ਗਏ। ਉੱਧਰ, ਆਸਟਰੇਲੀਆ ਦੇ ਬਹੁਤੇ ਸ਼ਹਿਰਾਂ ਵਿਚ ਲੋਕਾਂ ਨੇ ਵੱਡੀਆਂ ਰੈਲੀਆਂ ਅਤੇ ਇਕੱਤਰਤਾ ਕਰ ਕੇ ਸਰਕਾਰਾਂ ਪ੍ਰਤੀ ਵਿਰੋਧ ਦਰਜ ਕੀਤਾ।
ਪੁਲੀਸ ਦੀ ਮੌਜੂਦਗੀ ਵਿੱਚ ਹਜ਼ਾਰਾਂ ਲੋਕਾਂ ਨੇ ਸਿਡਨੀ, ਮੈਲਬਰਨ, ਕੈਨਬਰਾ, ਗੋਲਡ ਕੋਸਟ ਤੇ ਬ੍ਰਿਸਬਨ ਆਦਿ ਸ਼ਹਿਰਾਂ ਦੇ ਧੁਰ ਅੰਦਰ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਰਾਹੀਂ ਇਸ ਦਿਨ ਨੂੰ ਆਸਟਰੇਲੀਆ ਲਈ ‘ਸੋਗ ਦਾ ਦਿਨ’, ‘ਸਰਵਾਈਵਲ ਡੇਅ’ ਜਾਂ ‘ਇਨਵੇਜ਼ਨ ਡੇਅ’ ਕਰਾਰ ਦਿੱਤਾ। ਬੁਲਾਰਿਆਂ ਨੇ ਸਰਕਾਰ ਤੋਂ ਆਸਟਰੇਲੀਆ ਦਿਵਸ ਦੀ ਤਰੀਕ 26 ਜਨਵਰੀ ਤੋਂ ਬਦਲਣ ਦੀ ਮੰਗ ਕੀਤੀ। ਭਾਵੁਕ ਪ੍ਰਦਰਸ਼ਨਕਾਰੀਆਂ ਨੇ ‘ਸ਼ਰਮ ਕਰੋ’ ਦੇ ਨਾਅਰੇ ਲਗਾਏ। ਸਮੂਹ ਭਾਰਤੀਆਂ ਨੇ ਗਣਤੰਤਰ ਦਿਵਸ ਮਨਾਉਂਦਿਆਂ ਇਨ੍ਹਾਂ ਵਿਰੋਧ ਰੈਲੀਆਂ ਵਿਚ ਹਿੱਸਾ ਲਿਆ। ਵਿਰੋਧੀ ਧਿਰਾਂ ਦੇ ਵੱਡੇ ਆਗੂਆਂ ਨੇ ਵੀ ਆਪਣੇ ਟਵਿੱਟਰ ਹੈਂਡਲਾਂ ’ਤੇ ਆਵਾਮ ਦਾ ਸਮਰਥਨ ਕੀਤਾ।
ਗਣਤੰਤਰ ਦਿਵਸ ਤੇ ਆਸਟਰੇਲੀਆ ਡੇਅ ਮਨਾਇਆ
ਐਡੀਲੇਡ: ਇੱਥੇ ਇੰਡੀਅਨ ਆਸਟਰੇਲੀਅਨ ਐਸੋਸੀਏਸ਼ਨ ਆਫ ਸਾਊਥ ਆਸਟਰੇਲੀਆ ਨੇ ਸੰਸਥਾ ਦੇ ਪ੍ਰਧਾਨ ਤ੍ਰਿਮਾਣ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਭਾਰਤ ਦਾ 73ਵਾਂ ਗਣਤੰਤਰ ਦਿਵਸ ਅਤੇ ਆਸਟਰੇਲੀਆ ਡੇਅ ਮਨਾਇਆ। ਇਸ ਮੌਕੇ ਸੰਸਥਾ ਦੇ ਮੈਂਬਰਾਂ ਤੋਂ ਇਲਾਵਾ ਕਈ ਬੁੱਧੀਜੀਵੀ ਵੀ ਹਾਜ਼ਰ ਸਨ। ਇਸ ਦੌਰਾਨ ਭਾਰਤ ਦਾ ਕੌਮੀ ਝੰਡਾ ਝੰਡਾ ਲਹਿਰਾਉਣ ਦੀ ਰਸਮ ਸੰਸਥਾ ਦੇ ਪ੍ਰਧਾਨ ਤ੍ਰਿਮਾਣ ਸਿੰਘ ਗਿੱਲ ਨੇ ਅਦਾ ਕੀਤੀ। -ਬਚਿੱਤਰ ਕੁਹਾੜ