ਗੁਰਚਰਨ ਸਿੰਘ ਕਾਹਲੋਂ
ਸਿਡਨੀ, 17 ਅਗਸਤ
ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ੇ ਮਗਰੋਂ ਪੈਦਾ ਹੋਏ ਸਿਆਸੀ ਸੰਕਟ ਦੌਰਾਨ ਮੁਸੀਬਤ ਮਾਰੇ ਅਫ਼ਗਾਨੀਆਂ ਦੇ ਹੱਕਾਂ ਲਈ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਹਾਅ ਦਾ ਨਾਅਰਾ ਮਾਰਿਆ ਹੈ। ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਨਾਗਰਿਕਾਂ ਨੂੰ ਤਰਸ ਦੇ ਆਧਾਰ ’ਤੇ ਸ਼ਰਨਾਰਥੀ ਵੀਜ਼ਾ ਦੇਣ ਦੀ ਮੰਗ ਕੀਤੀ ਹੈ। ਆਸਟਰੇਲੀਆ ਵਿੱਚ ਮਨੁੱਖੀ ਹੱਕਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਨੇ ਅਫ਼ਗਾਨੀ ਲੋਕਾਂ ਦੇ ਹੱਕ ਵਿੱਚ ਮੁਜ਼ਾਹਰਾ ਵੀ ਕੀਤਾ। ਇਸ ਪ੍ਰਦਰਸ਼ਨ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਉਨ੍ਹਾਂ ਦੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਵਿੱਚ ਲੋੜਵੰਦ ਤੇ ਬੇਸਹਾਰਾ ਅਫ਼ਗਾਨੀਆਂ ਦੀ ਬਾਂਹ ਫੜਨ ਲਈ ਕੌਮਾਂਤਰੀ ਭਾਈਚਾਰੇ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ। ਅਫ਼ਗਾਨੀ ਲੋਕਾਂ ਦੇ ਮੁੜ ਵਸੇਬੇ ਲਈ ਆਨਲਾਈਨ ਦਸਤਖ਼ਤ ਮੁਹਿੰਮ ਵੀ ਚਲਾਈ ਗਈ ਹੈ, ਜਿਸ ’ਤੇ ਲਗਪਗ 75 ਹਜ਼ਾਰ ਲੋਕਾਂ ਨੇ ਦਸਤਖ਼ਤ ਕੀਤੇ ਹਨ। ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਉਨ੍ਹਾਂ ਲੋਕਾਂ ਨੂੰ ਪਨਾਹ ਦੇਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਦੇ ਬੱਚਿਆਂ ਦੇ ਵਾਰਸ, ਭੈਣ-ਭਰਾ, ਪਤੀ-ਪਤਨੀ ਸੰਤਾਪ ਦੌਰਾਨ ਇਕੱਲੇ ਰਹਿ ਗਏ ਹਨ। ਉਨ੍ਹਾਂ ਆਸਟਰੇਲੀਆ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸ਼ਰਨਾਰਥੀਆਂ ਨੂੰ ਆਵਾਸੀ ਵੀਜ਼ੇ ਦਿੱਤੇ ਜਾਣ। ਉਧਰ, ਆਸਟਰੇਲੀਆ ਸਰਕਾਰ ਨੇ ਮੰਗਾਂ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ।