ਵਾਸ਼ਿੰਗਟਨ, 25 ਜੂਨ
ਇੱਥੋਂ ਦੇ ਸੈਨੇਟਰ ਮਾਈਕ ਐਂਜੀ ਨੇ ਅਮਰੀਕੀ ਸੈਨੇਟਰ ਨੇ ਮੁਲਕ ਦੇ ਕੌਮੀ ਪਾਰਕਾਂ ’ਚ ਜਾਣ ਵਾਲੇ ਵਿਦੇਸ਼ੀ ਨਾਗਰਿਕਾਂ ਤੋਂ 16 ਤੋਂ 25 ਅਮਰੀਕੀ ਡਾਲਰ ਵਾਧੂ ਫ਼ੀਸ ਵਸੂਲਣ ਸਬੰਧੀ ਇੱਕ ਮਤਾ ਪਾਇਆ ਹੈ, ਜਿਸਦਾ ਆਖਣਾ ਹੈ ਕਿ ਭਾਰਤ ਵੀ ਤਾਜ ਮਹੱਲ ਜਿਹੇ ਸਮਾਰਕ ਵੇਖਣ ਲਈ ਆਉਣ ਵਾਲੇ ਵਿਦੇਸ਼ੀਆਂ ਤੋਂ ਵੱਧ ਫ਼ੀਸ ਵਸੂਲਦਾ ਹੈ। ‘ਗ੍ਰੇਟ ਅਮੈਰਿਕਨ ਆਊਟਡੋਰਜ਼ ਐਕਟ’ ਵਿੱਚ ਸੋਧ ਵਜੋਂ ਇਹ ਮਤਾ ਲਿਆਉਣ ਦਾ ਮਕਸਦ ਅਮਰੀਕਾ ਦੇ ਕੁਝ ਸਮਾਰਕਾਂ ਤੇ ਕੌਮੀ ਪਾਰਕਾਂ ਦੇ ਰੱਖ-ਰਖਾਅ ਤੇ ਮੁਰੰਮਤ ਕਾਰਜਾਂ ਲਈ ਪੈਸੇ ਇਕੱਠੇ ਕਰਨਾ ਹੈ।
‘ਨੈਸ਼ਨਲ ਪਾਰਕ ਸਰਵਿਸ’ ਮੁਤਾਬਕ ਪਾਰਕਾਂ ਦੇ ਰੱਖ-ਰਖਾਅ ਲਈ ਮੌਜੂਦਾ ਸਮੇਂ 12 ਬਿਲੀਅਨ ਅਮਰੀਕੀ ਡਾਲਰਾਂ ਦੀ ਲੋੜ ਹੈ। ਇਸ ਦੇ ਮੁਕਾਬਲੇ ਪਿਛਲੇ ਵਰ੍ਹੇ ਨੈਸ਼ਨਲ ਪਾਰਕ ਸਰਵਿਸ ਦਾ ਸਾਰਾ ਬਜਟ 4.1 ਬਿਲੀਅਨ ਡਾਲਰ ਦਾ ਸੀ। ਸੈਨੇਟਰ ਐਂਜੀ ਨੇ ਕਿਹਾ ਕਿ ਇਹ ਸੋਧ ਸਹੀ ਹੈ ਤੇ ਇਸ ਸਮੱਸਿਆ ਦਾ ਸਥਾਈ ਹੱਲ ਵੀ ਮੁਹੱਈਆ ਕਰਵਾਉਂਦੀ ਹੈ।
‘ਯੂਐੱਸ ਟਰੈਵਲ ਐਸੋਸੀਏਸ਼ਨ’ ਵੱਲੋਂ ਕਰਵਾਏ ਇੱਕ ਅਧਿਐਨ ਮੁਤਾਬਕ ਲਗਪਗ ਵੱਖ-ਵੱਖ ਮੁਲਕਾਂ ਤੋਂ ਅਮਰੀਕਾ ਵਿੱਚ ਆਉਣ ਵਾਲੇ 40 ਫ਼ੀਸਦੀ ਲੋਕ ਇੱਥੋਂ ਦੇ ਕੌਮੀ ਪਾਰਕਾਂ ’ਚ ਲਾਜ਼ਮੀ ਹੀ ਜਾਂਦੇ ਹਨ। ਸੈਨੇਟਰ ਐਂਜੀ ਨੇ ਕਿਹਾ,‘ਮਿਸਾਲ ਵਜੋਂ ਭਾਰਤ ਵਿੱਚ ਤਾਜ ਮਹੱਲ ਵੇਖਣ ਲਈ ਆਉਣ ਵਾਲੇ ਸੈਲਾਨੀਆਂ ਨੂੰ 18 ਅਮਰੀਕੀ ਡਾਲਰ ਦੇਣੇ ਪੈਣਗੇ ਜਦਕਿ ਸਥਾਨਕ ਲੋਕਾਂ ਲਈ ਇਹ ਸਿਰਫ਼ 56 ਸੈਂਟ ਹੀ ਹੈ।
ਦੱਖਣੀ ਅਫ਼ਰੀਕਾ ਦੇ ਕਰੂਗਰ ਨੈਸ਼ਨਲ ਪਾਰਕ ਵਿੱਚ ਵਿਦੇਸ਼ੀ ਸੈਲਾਨੀਆਂ ਤੋਂ 25 ਅਮਰੀਕੀ ਡਾਲਰ ਲਏ ਜਾਣਗੇ ਜਦਕਿ ਸਥਾਨਕ ਲੋਕਾਂ ਤੋਂ 6.25 ਅਮਰੀਕੀ ਡਾਲਰ।’
-ਪੀਟੀਆਈ