ਦੁਬਈ, 13 ਅਕਤੂਬਰ
ਸਾਊਦੀ ਅਰਬ ਨੇ ਕਿਹਾ ਹੈ ਕਿ ਅਮਰੀਕਾ ਨੇ ਓਪੇਕ ਅਤੇ ਰੂਸ ਸਮੇਤ ਹੋਰ ਭਾਈਵਾਲਾਂ ਨੂੰ ਤੇਲ ਉਤਪਾਦਨ ’ਚ ਕਟੌਤੀ ਦੇ ਫ਼ੈਸਲੇ ਨੂੰ ਇਕ ਮਹੀਨੇ ਟਾਲਣ ਦੀ ਬੇਨਤੀ ਕੀਤੀ ਸੀ। ਅਮਰੀਕਾ ’ਚ ਅਗਲੇ ਮਹੀਨੇ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਇਸ ਫ਼ੈਸਲੇ ਨਾਲ ਗੈਸ ਕੀਮਤਾਂ ’ਚ ਤੇਜ਼ੀ ਦੇ ਜੋਖਮ ਨੂੰ ਘਟਾਉਣ ’ਚ ਸਹਾਇਤਾ ਮਿਲ ਸਕਦੀ ਹੈ। ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ’ਚ 8 ਨਵੰਬਰ ਦੀਆਂ ਚੋਣਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਜਿਸ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਆਪਣੀ ਪਾਰਟੀ ਦਾ ਬਹੁਮਤ ਬਹਾਲ ਰੱਖਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਵੀਏਨਾ ’ਚ ਓਪੇਕ ਦੀ 5 ਅਕਤੂਬਰ ਨੂੰ ਹੋਈ ਮੀਟਿੰਗ ਦੌਰਾਨ ਤੇਲ ਉਤਪਾਦਨ ’ਚ ਕਟੌਤੀ ਦਾ ਐਲਾਨ ਕੀਤਾ ਗਿਆ। ਜੇ ਅਮਰੀਕਾ ’ਚ ਉਤਪਾਦਨ ’ਚ ਕਟੌਤੀ ਕੀਤੀ ਗਈ ਤਾਂ ਕੀਮਤਾਂ ਚੜ੍ਹ ਜਾਣਗੀਆਂ। -ਏਪੀ
ਸਾਊਦੀ ਅਰਬ ਨਾਲ ਸਬੰਧਾਂ ’ਤੇ ਮੁੜ ਵਿਚਾਰ ਕਰਨ ਦਾ ਸਮਾਂ: ਬਾਇਡਨ
ਵਾਸ਼ਿੰਗਟਨ: ਸਾਊਦੀ ਅਰਬ ਵੱਲੋਂ ਰੂਸ ਨਾਲ ਮਿਲ ਕੇ ਓਪੇਕ ’ਚ ਤੇਲ ਉਤਪਾਦਨ ’ਚ ਕਟੌਤੀ ਦਾ ਫ਼ੈਸਲਾ ਲਏ ਜਾਣ ਮਗਰੋਂ ਅਮਰੀਕਾ ਔਖਾ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਸਾਊਦੀ ਅਰਬ ਨਾਲ ਸਬੰਧਾਂ ’ਤੇ ਮੁੜ ਵਿਚਾਰ ਕਰਨ ਦਾ ਸਮਾਂ ਆ ਗਿਆ ਹੈ। ਸੀਐੱਨਐੱਨ ਨਾਲ ਇੰਟਰਵਿਊ ’ਚ ਬਾਇਡਨ ਨੇ ਕਿਹਾ ਕਿ ਰੂਸ ਨਾਲ ਮਿਲ ਕੇ ਸਾਊਦੀ ਅਰਬ ਨੇ ਜੋ ਫ਼ੈਸਲਾ ਲਿਆ ਹੈ, ਉਸ ਦੇ ਕੁਝ ਨਤੀਜੇ ਤਾਂ ਭੁਗਤਣੇ ਪੈਣਗੇ। -ਆਈਏਐਨਐਸ