ਟ੍ਰਿਬਿਊਨ ਨਿਊਜ਼ ਸਰਵਿਸ
ਬਰੱਸਲਜ਼, 20 ਦਸੰਬਰ
ਕਿਸਾਨ ਅੰਦੋਲਨ ਦੀ ਹਮਾਇਤ ਵਿਚ ਵਿਸ਼ਵ ਭਰ ਵਿਚ ਵਸਦੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹਨ। ਯੂਰਪ ਦੀ ਰਾਜਧਾਨੀ ਬਰੱਸਲਜ਼ (ਬੈਲਜੀਅਮ) ਵਿਚ ਵੀ ਯੂਰਪੀਅਨ ਪਾਰਲੀਮੈਂਟ ਸਾਹਮਣੇ ਪੰਜਾਬੀਆਂ ਨੇ ਕਿਸਾਨੀ ਘੋਲ ਦੀ ਹਮਾਇਤ ਵਿਚ ਰੋਸ ਮੁਜ਼ਾਹਰਾ ਕੀਤਾ ਜਿਸ ਵਿਚ ਬੈਲਜੀਅਮ ਦੇ ਕੋਨੇ-ਕੋਨੇ ਵਿੱਚੋਂ ਕਿਸਾਨ-ਮਜ਼ਦੂਰ ਹਮਾਇਤੀ ਪਹੁੰਚੇ। ਇਸ ਦੇ ਨਾਲ ਹੀ ਹਾਲੈਂਡ ਤੋਂ ਨੌਜਵਾਨ ਮੁੰਡੇ-ਕੁੜੀਆਂ ਦੇ ਵੱਡੇ ਜਥੇ ਨੇ ਵੀ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਸਾਨ ਪੱਖੀ ਨਾਅਰਿਆਂ ਨਾਲ ਲਿਖੀਆਂ ਹੋਈਆਂ ਸਫੈਦ ਰੰਗ ਦੀਆਂ ਕੋਟੀਆਂ ਪਾਈਆਂ ਹੋਈਆਂ ਸਨ।
ਵਰਲਡ ਸਿੱਖ ਪਾਰਲੀਮੈਂਟ ਦੇ ਚਾਰ ਨੁਮਾਇੰਦਿਆਂ ਜਰਮਨੀ ਤੋਂ ਭਾਈ ਗੁਰਚਰਨ ਸਿੰਘ ਗੁਰਾਇਆ, ਫਰਾਂਸ ਤੋਂ ਪ੍ਰਿਥੀਪਾਲ ਸਿੰਘ ਵਰਿਆਣਾ, ਹਾਲੈਂਡ ਤੋਂ ਹਰਜੀਤ ਸਿੰਘ ਗਿੱਲ ਵੱਲੋਂ ਹਾਜ਼ਰੀ ਭਰੀ ਗਈ। ਜਰਮਨੀ ਤੋਂ ਹਰਦਵਿੰਦਰ ਸਿੰਘ, ਗੁਰਪਾਲ ਸਿੰਘ ਪਾਲਾ, ਕੁਲਦੀਪ ਸਿੰਘ, ਹਾਲੈਂਡ ਤੋਂ ਜਸਵਿੰਦਰ ਸਿੰਘ, ਬਲਜਿੰਦਰ ਸਿੰਘ, ਫਰਾਂਸ ਤੋਂ ਸਤਨਾਮ ਸਿੰਘ, ਬੈਲਜੀਅਮ ਦੇ ਖੇਡ ਕਲੱਬਾਂ ਸ਼ੇਰੇ ਪੰਜਾਬ, ਚੜ੍ਹਦੀ ਕਲਾ, ਐਨਆਰਆਈ ਅਤੇ ਜੰਗ ਕਲੱਬ ਦੇ ਅਹੁਦੇਦਾਰਾਂ ਨੇ ਇਸ ਮੁਜ਼ਾਹਰੇ ਵਿੱਚ ਹਿੱਸਾ ਲਿਆ। ਇਸ ਮੌਕੇ ਪ੍ਰਬੰਧਕਾਂ ’ਚੋਂ ਅਜਾਇਬ ਸਿੰਘ ਅਲੀਸ਼ੇਰ, ਕੁਲਵਿੰਦਰ ਮਿੰਟਾ, ਤਰਸੇਮ ਸ਼ੇਰਗਿੱਲ, ਗੁਰਬੰਦਨ ਲਾਲੀ, ਸੁਰਜੀਤ ਖਹਿਰਾ, ਭਾਈ ਕਰਨੈਲ ਸਿੰਘ, ਪਾਵਰ ਲਿਫਟਰ ਤੀਰਥ ਰਾਮ, ਕਿਰਪਾਲ ਬਾਜਵਾ, ਚਰਨਜੀਤ ਬਰਨਾਲਾ, ਜੱਸੀ ਸ਼ੇਰਗਿੱਲ, ਗਗਨ ਹੁੰਦਲ ਆਦਿ ਨੇ ਸਹਿਯੋਗ ਦਿੱਤਾ। ਸਿੱਖ ਆਗੂ ਭਾਈ ਜਗਦੀਸ਼ ਸਿੰਘ ਭੂਰਾ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।