ਲੰਡਨ, 22 ਅਪਰੈਲ
ਪਿਛਲਾ ਸਾਰਾ ਸਾਲ ਕਰੋਨਾਵਾਇਰਸ ਮਹਾਮਾਰੀ ਦੀ ਭੇਟ ਚੜ੍ਹਨ ਤੇ ਬ੍ਰੈਗਜ਼ਿਟ ਦੀਆਂ ਚੁਣੌਤੀਆਂ ਦੇ ਬਾਵਜੂਦ ਬਰਤਾਨੀਆ ਵਿਚ ਚੱਲ ਰਹੀਆਂ ਕਈ ਭਾਰਤੀ ਕੰਪਨੀਆਂ ਅਤੇ ਉਨ੍ਹਾਂ ਵੱਲੋਂ ਪੈਦਾ ਕੀਤੇ ਜਾਂਦੇ ਰੁਜ਼ਗਾਰ ਦੇ ਮੌਕਿਆਂ ਵਿਚ ਵਾਧਾ ਦਰਜ ਹੋਇਆ ਹੈ। ‘ਇੰਡੀਆ ਮੀਟਸ ਬ੍ਰਿਟੇਨ ਟਰੈਕਰ’ ਵੱਲੋਂ ਇੱਥੇ ਅੱਜ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ।
ਬਰਤਾਨਵੀ ਅਰਥਚਾਰੇ ਵਿਚ ਭਾਰਤੀ ਕਾਰੋਬਾਰਾਂ ਦੀ ਹਿੱਸੇਦਾਰੀ ਦਾ ਪਤਾ ਲਾਉਣ ਲਈ ਗਰਾਂਟ ਥੌਰਨਟਨ ਤੇ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਵੱਲੋਂ ਕੀਤੇ ਗਏ ਸਾਲਾਨਾ 2021 ਟਰੈਕਰ ਵਿਚ ਇਹ ਗੱਲ ਸਾਹਮਣੇ ਆਈ ਕਿ ਬਰਤਾਨੀਆ ਵਿਚ ਚੱਲ ਰਹੀਆਂ ਭਾਰਤੀ ਕੰਪਨੀਆਂ ਦੀ ਗਿਣਤੀ 2020 ਟਰੈਕਰ ਵਿਚ 842 ਸੀ ਜੋ ਹੁਣ ਵਧ ਕੇ 850 ਹੋ ਗਈ ਹੈ। ਇਨ੍ਹਾਂ ਕੰਪਨੀਆਂ ਵਿਚ ਪਹਿਲਾਂ 1,10,793 ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਸੀ, ਜਿਸ ਦਾ ਦਾਇਰਾ ਵਧ ਕੇ ਹੁਣ 1,16,,046 ਲੋਕਾਂ ਤੱਕ ਪਹੁੰਚ ਗਿਆ ਹੈ। ਇਨ੍ਹਾਂ ਕੰਪਨੀਆਂ ਦਾ ਲੈਣ-ਦੇਣ ਵੀ 41.2 ਅਰਬ ਪੌਂਡ ਤੋਂ ਵਧ ਕੇ 50.8 ਪੌਂਡ ਤੱਕ ਪਹੁੰਚ ਗਿਆ ਹੈ। -ਪੀਟੀਆਈ