ਬਚਿੱਤਰ ਕੁਹਾੜ
ਐਡੀਲੇਡ, 27 ਸਤੰਬਰ
ਇੱਥੇ ਅਦਬੀ ਸਾਂਝ ਆਸਟਰੇਲੀਆ ਵੱਲੋਂ ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ ਦੇ ਸਾਂਝੇ ਮੁਹਾਜ਼ ਵਿੱਚ ਸੂਫ਼ੀਆਨਾ ਸ਼ਾਇਰ ਸ਼ੰਮੀ ਜਲੰਧਰੀ ਦਾ ਕਾਵਿ ਸੰਗ੍ਰਹਿ ‘ਪਹਿਲੀ ਬਾਰਿਸ਼’ ਉੱਤੇ ਗੋਸ਼ਟੀ ਕਰਵਾਈ ਗਈ। ਇਸ ਦੌਰਾਨ ਦੋਹਾਂ ਪੰਜਾਬਾਂ ਦੇ ਪੰਜਾਬੀ ਅਤੇ ਉਰਦੂ ਦੇ ਸ਼ਾਇਰਾਂ ਸਮੇਤ ਸਭਿਆਚਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਵਿੱਚ ਲੇਖਕਾ ਬਲਜੀਤ ਕੌਰ ਮਲਹਾਂਸ ਨੇ ਆਸਟਰੇਲੀਆ ਦੌਰੇ ’ਤੇ ਆਏ ਪੰਜਾਬੀ ਗੀਤਕਾਰ ਮਦਨ ਜਲੰਧਰੀ ਅਤੇ ਗਾਇਕ ਸ਼ੌਕਤ ਅਲੀ ਦੀਵਾਨ ਦੀ ਜਾਣ ਪਛਾਣ ਕਰਾਉਂਦਿਆਂ ਸ਼ਾਇਰ ਸ਼ੰਮੀ ਜਲੰਧਰੀ ਦੇ ਸਾਹਿਤਕ ਸਫ਼ਰ ਤੋਂ ਜਾਣੂ ਕਰਾਇਆ। ਉਪਰੰਤ ਸਾਹਿਤਕ ਬੁਲਾਰਿਆਂ ਨੇ ਸ਼ੰਮੀ ਜਲੰਧਰੀ ਦੀ ਪੁਸਤਕ ਬਾਰੇ ਵਿਚਾਰ ਰੱਖੇ।
ਉਨ੍ਹਾਂ ਕਿਹਾ ਕਿ ਲੇਖਕ ਨੇ ਪੁਸਤਕ ਵਿੱਚ ਜ਼ਿੰਦਗੀ ਦੀ ਵਰਤਮਾਨ ਹਕੀਕਤ ਅਤੇ ਪੁਰਾਣੇ ਪੰਜਾਬ ਦੀ ਵੰਡ ਦੇ ਅਹਿਸਾਸ, ਮਨੁੱਖ ਦੀ ਕੁਦਰਤ ਨਾਲ ਸਾਂਝ, ਆਦਮੀ ਸਨਮੁੱਖ ਮੁੱਦੇ, ਪੰਜਾਬ ਦੀ ਕਿਸਾਨੀ ਦਾ ਸਦੀਵੀ ਦਰਦ, ਧਰਮਾਂ ਵਿੱਚ ਸਿਆਸੀ ਰੰਗਤ, ਪ੍ਰਵਾਸੀ ਪੰਜਾਬੀਆਂ ਦੀ ਆਪਣੇ ਵਤਨ ਪ੍ਰਤੀ ਚਿੰਤਾ ਸਮੇਤ ਮੁਹੱਬਤ ਦੇ ਵੱਖ ਵੱਖ ਪਹਿਲੂਆਂ ਦਾ ਵਿਸਥਾਰ ਸਹਿਤ ਜ਼ਿਕਰ ਕਰਦਿਆਂ ਲੇਖਕ ਵੱਲੋਂ ਪੁਸਤਕ ਵਿੱਚ ਜ਼ਿੰਦਗੀ ਦੇ ਡੂੰਘੇ ਫ਼ਲਸਫ਼ੇ ਨੂੰ ਸਰਲ ਸ਼ੈਲੀ ਵਿੱਚ ਪੇਸ਼ ਕਰਨ ਦੀ ਸ਼ਲਾਘਾ ਕੀਤੀ। ਅੰਤ ਵਿੱਚ ਹੋਏ ਕਵੀ ਦਰਬਾਰ ਵਿੱਚ ਹਾਜ਼ਰ ਕਵੀਆਂ ਤੇ ਕਵਿਤਰੀਆਂ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ।