ਗੁਰਚਰਨ ਸਿੰਘ ਕਾਹਲੋਂ
ਸਿਡਨੀ, 2 ਮਈ
ਆਸਟਰੇਲੀਆ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਗਏ। ਇਹ ਮੁਜ਼ਾਹਰੇ ਪੰਜਾਬ ’ਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀ ਘਟਨਾਵਾਂ ਤੇ ਉਨ੍ਹਾਂ ਘਟਨਾਵਾਂ ਦੇ ਕਥਿਤ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਖ਼ਿਲਾਫ਼ ਸਨ। ਇਸ ਮੌਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਰਿਪਰੋਟ ਰੱਦ ਕਰਨ ਦੇ ਫ਼ੈਸਲੇ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ।
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਹੁਕਮਰਾਨ ਕਾਂਗਰਸ ਸਰਕਾਰ ਗੁਰੂ ਗਰੰਥ ਸਾਹਿਬ ਦੀ ਕਥਿਤ ਬੇਅਦਬੀ ਕਰਨ ਵਾਲੀ ਤਤਕਾਲੀ ਬਾਦਲ ਸਰਕਾਰ ਨਾਲ ਰਲ ਗਈ ਹੈ। ਗੁਰੂ ਘਰ ਦੇ ਮੁਲਜ਼ਮ ਤੇ ਬੇਗੁਨਾਹ ਸੰਗਤ ਤੇ ਲਾਠੀਆਂ ਵਰ੍ਹਾਉਣ ਵਾਲੇ ਮੁਲਜ਼ਮ ਸ਼ਰ੍ਹੇਆਮ ਘੁੰਮ ਰਹੇ ਹਨ ਪਰ ਮੌਜੂਦਾ ਕੈਪਟਨ ਸਰਕਾਰ ਰਾਜਸੀ ਹਿੱਤਾਂ ਕਾਰਨ ਕਥਿਤ ਦੋਸ਼ੀਆਂ ਨੂੰ ਕਟਿਹਰੇ ਚ ਖੜ੍ਹਾ ਕਰਨ ਦੀ ਥਾਂ ਬਚਾਉਣ ਲਈ ਕੋਝੇ ਯਤਨ ਕਰ ਰਹੀ ਹੈ। ਉਨ੍ਹਾਂ ਨੇ ਪੰਜਾਬ ’ਚ ਗੁਰੂਘਰ ਦੇ ਦੋਖੀਆਂ ਤੇ ਅਮਨ ਕਾਨੂੰਨ ਦੇ ਰਾਖਿਆਂ ਦੀ ਕਥਿਤ ਮਿਲੀਭੁਗਤ ਨੂੰ ਸਿੱਖ ਪੰਥ ਲਈ ਮਾਰੂ ਕਰਾਰ ਦਿੱਤਾ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਆਗੂਆਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਉਹੀ ਫ਼ੈਸਲਾ ਦਿੱਤਾ, ਜਿਸ ਨੂੰ ਸਰਕਾਰ ਤੇ ਮੁਲਜ਼ਮਾਂ ਨੇ ਆਪਸੀ ਮਿਲੀਭੁਗਤ ਨਾਲ ਅਦਾਲਤ ਵਿੱਚ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਸੰਗਤ ਹਾਈ ਕੋਰਟ ਦੇ ਫ਼ੈਸਲੇ ਨੂੰ ਨਹੀਂ ਮੰਨਦੀ। ਉਨ੍ਹਾਂ ਵੱਲੋਂ ਸਿਡਨੀ ਸਮੇਤ ਹੋਰ ਗੁਰਦੁਆਰਿਆਂ ਵਿੱਚ ਹਾਈ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ। ਇਸੇ ਦੌਰਾਨ ਇੱਕ ਮਤੇ ਰਾਹੀਂ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨਾਲ ਇੱਕਜੁਟਤਾ ਪ੍ਰਗਟਾਉਂਦਿਆਂ ਦੇਸ਼-ਵਿਦੇਸ਼ ਵਿੱਚ ਵਸਦੀ ਨਾਨਕ ਲੇਵਾ ਸਿੱਖ ਸੰਗਤ ਕੌਮ ਨੂੰ ਇੱਕ ਸੂਤਰ ਵਿੱਚ ਪਰੋਣ ਲਈ ਉਨ੍ਹਾਂ ਵੱਲੋਂ ਦਿੱਤੇ ਸਰਬ ਸਾਂਝੇ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਗਈ।