ਸੰਯੁਕਤ ਰਾਸ਼ਟਰ, 29 ਜੂਨ
ਰੂਸ ਅਤੇ ਯੂਕਰੇਨ ਵਿਚਕਾਰ ਜਾਰੀ ਜੰਗ ਦੌਰਾਨ ਆਮ ਲੋਕਾਂ ਦੀ ਮੌਤ ’ਤੇ ਚਿੰਤਾ ਪ੍ਰਗਟ ਕਰਦਿਆਂ ਭਾਰਤ ਨੇ ਕਿਹਾ ਹੈ ਕਿ ਸ਼ਹਿਰੀ ਇਲਾਕਿਆਂ ’ਚ ਅਹਿਮ ਨਾਗਰਿਕ ਟਿਕਾਣੇ ਆਸਾਨ ਨਿਸ਼ਾਨਾ ਬਣਦੇ ਜਾ ਰਹੇ ਹਨ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਯੂਕਰੇਨ ਦੇ ਮਸਲੇ ’ਤੇ ਮੰਗਲਵਾਰ ਨੂੰ ਭਾਰਤ ਦੇ ਸਥਾਈ ਉਪ ਨੁਮਾਇੰਦੇ ਆਰ ਰਵਿੰਦਰ ਨੇ ਕਿਹਾ ਕਿ ਇਸ ਜੰਗ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਗਈ ਹੈ। ਸਿਆਸੀ ਅਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਦੇ ਮਾਮਲਿਆਂ ਬਾਰੇ ਅਧੀਨ ਸਕੱਤਰ ਜਨਰਲ ਰੋਜ਼ਮੈਰੀ ਡੀ ਕਾਰਲੋ ਨੇ ਕੌਂਸਲ ਨੂੰ ਦੱਸਿਆ ਕਿ ਯੂਕਰੇਨ ਦੇ ਕ੍ਰੇਮੇਨਚੁਕ ਸ਼ਹਿਰ ’ਚ ਰੂਸ ਵੱਲੋਂ ਮਾਲ ’ਤੇ ਕੀਤੇ ਗਏ ਮਿਜ਼ਾਈਲ ਹਮਲੇ ’ਚ 18 ਆਮ ਨਾਗਰਿਕਾਂ ਦੀ ਮੌਤ ਅਤੇ 59 ਹੋਰ ਜ਼ਖ਼ਮੀ ਹੋਏ ਹਨ। ਯੂਕਰੇਨ ਦੇ ਹਾਲਾਤ ਤੋਂ ਭਾਰਤ ਬਹੁਤ ਜ਼ਿਆਦਾ ਫਿਕਰਮੰਦ ਹੈ। -ਪੀਟੀਆਈ