ਦੁਸ਼ਾਂਬੇ, 27 ਮਈ
ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੁਲਕ, ਅਫ਼ਗਾਨਿਸਤਾਨ ਵਿੱਚ ਅਹਿਮ ਭਾਈਵਾਲ ਸੀ ਤੇ ਰਹੇਗਾ। ਉਨ੍ਹਾਂ ਅਤਿਵਾਦ ਤੇ ਦਹਿਸ਼ਤੀ ਸਮੂਹਾਂ ਦੇ ਟਾਕਰੇ ਲਈ ਜੰਗ ਦੇ ਝੰਬੇ ਅਫ਼ਗ਼ਾਨਿਸਤਾਨ ਦੀ ਸਮਰੱਥਾ ਵਧਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਤਿਵਾਦ ਤੇ ਦਹਿਸ਼ਤੀ ਜਥੇਬੰਦੀਆਂ ਖੇਤਰੀ ਅਮਨ-ਸ਼ਾਂਤੀ ਤੇ ਸੁਰੱਖਿਆ ਲਈ ਵੱਡਾ ਖ਼ਤਰਾ ਹਨ।
ਤਾਜਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਵਿੱਚ ਅਫ਼ਗਾਨਿਸਤਾਨ ਬਾਰੇ ਚੌਥੇ ਖੇਤਰੀ ਸੁਰੱਖਿਆ ਸੰਵਾਦ ਵਿੱਚ ਡੋਵਾਲ ਨੇ ਕਿਹਾ ਕਿ ਭਾਰਤ ਦੇ ਅਫ਼ਗ਼ਾਨਿਸਤਾਨ ਨਾਲ ਇਤਿਹਾਸਕ ਤੇ ਤਹਿਜ਼ੀਬੀ ਰਿਸ਼ਤੇ ਹਨ ਅਤੇ ਨਵੀਂ ਦਿੱਲੀ ਹਮੇਸ਼ਾਂ ਅਫ਼ਗਾਨਿਸਤਾਨ ਦੇ ਲੋਕਾਂ ਨਾਲ ਖੜ੍ਹਾ ਹੈ ਤੇ ਉਹ ਭਾਰਤ ਦੀ ਪਹੁੰਚ ਨੂੰ ਲਗਾਤਾਰ ਸੇਧ ਦਿੰਦਾ ਰਹੇਗਾ। ਡੋਵਾਲ ਨੇ ਬੈਠਕ ਵਿੱਚ ਤਾਜਿਕਿਸਤਾਨ, ਰੂਸ, ਕਜ਼ਾਖ਼ਿਸਤਾਨ, ਉਜ਼ਬੇਕਿਸਤਾਨ, ਇਰਾਨ, ਕਿਰਗਿਸਤਾਨ ਤੇ ਚੀਨ ਦੇ ਆਪਣੇ ਹਮਰੁਤਬਾਵਾਂ ਦੀ ਮੌਜੂਦਗੀ ਵਿੱਚ ਕਿਹਾ, ‘‘ਅਫ਼ਗ਼ਾਨਿਸਤਾਨ ਦੇ ਲੋਕਾਂ ਨਾਲ ਸਦੀਆਂ ਪੁਰਾਣੇ ਵਿਸ਼ੇਸ਼ ਰਿਸ਼ਤੇ ਭਾਰਤ ਦੀ ਪਹੁੰਚ ਨੂੰ ਸੇਧ ਦੇਣਗੇ। ਇਸ ਨੂੰ ਕੋਈ ਨਹੀਂ ਬਦਲ ਸਕਦਾ।’’
ਜੰਗ ਦੇ ਝੰਬੇ ਮੁਲਕ ਵਿੱਚ ਮੌਜੂਦਾ ਹਾਲਾਤ ਅਤੇ ਖਿੱਤੇ ਬਾਰੇ, ਆਪਣੇ ਖੇਤਰੀ ਹਮਰੁਤਬਾਵਾਂ ਨਾਲ ਵਿਚਾਰ ਚਰਚਾ ਕਰਦਿਆਂ ਡੋਵਾਲ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ, ਅਫ਼ਗ਼ਾਨਿਸਤਾਨ ਵਿੱਚ ਅਹਿਮ ਭਾਈਵਾਲ ਸੀ ਤੇ ਰਹੇਗਾ। ਵਿਚਾਰ ਚਰਚਾ ਦੌਰਾਨ ਸਿਖਰਲੇ ਸੁਰੱਖਿਆ ਅਧਿਕਾਰੀਆਂ ਨੇ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਤੇ ਸਥਿਰਤਾ ਯਕੀਨੀ ਬਣਾਉਣ ਲਈ ਉਸਾਰੂ ਢੰਗ ਤਰੀਕੇ ਲੱਭਣ ਤੇ ਖਿੱਤੇ ’ਚ ਅਤਿਵਾਦ ਕਰਕੇ ਦਰਪੇਸ਼ ਜੋਖ਼ਮਾਂ ਦੇ ਟਾਕਰੇ ਦੀ ਲੋੜ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਡੋਵਾਲ ਨੇ ਕਿਹਾ ਕਿ ਜਿਊਣ ਦਾ ਅਧਿਕਾਰ ਤੇ ਸਨਮਾਨਯੋਗ ਜ਼ਿੰਦਗੀ ਦੇ ਨਾਲ ਅਫ਼ਗ਼ਾਨਿਸਤਾਨ ਦੇ ਸਾਰੇ ਲੋਕਾਂ ਦੇ ਮਨੁੱਖੀ ਹੱਕਾਂ ਦੀ ਸੁਰੱਖਿਆ ਸਿਖਰਲੀ ਤਰਜੀਹ ਹੋਣੀ ਚਾਹੀਦੀ ਹੈ। ਡੋਵਾਲ ਮੀਟਿੰਗ ਦੌਰਾਨ ਤਾਜਿਕਿਸਤਾਨ, ਰੂਸ ਤੇ ਹੋਰਨਾਂ ਮੁਲਕਾਂ ਦੇ ਭਾਈਵਾਲਾਂ ਨੂੰ ਵੀ ਮਿਲੇ। -ਪੀਟੀਆਈ