ਬੈਲਗਰੇਡ, 17 ਮਈ
ਸਰਬੀਆ ਦੇ ਦਰਜਨਾਂ ਸਕੂਲਾਂ ਨੂੰ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਇਹ ਜਾਣਕਾਰੀ ਅੱਜ ਸਿੱਖਿਆ ਮੰਤਰਾਲੇ ਨੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਈ ਮਹੀਨੇ ਦੇ ਸ਼ੁਰੂ ਵਿੱਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਾਪਰੀਆਂ ਸਨ ਜਿਨ੍ਹਾਂ ਵਿੱਚੋਂ ਇਕ ਘਟਨਾ ਐਲੀਮੈਂਟਰੀ ਸਕੂਲ ਵਿੱਚ ਵਾਪਰੀ ਸੀ। ਸਿੱਖਿਆ ਮੰਤਰਾਲੇ ਅਨੁਸਾਰ ਬੈਲਗਰੇਡ ਦੇ 78 ਐਲੀਮੈਂਟਰੀ ਸਕੂਲਾਂ ਅਤੇ 37 ਹਾਈ ਸਕੂਲਾਂ ਨੂੰ ਈਮੇਲ ਰਾਹੀਂ ਧਮਕੀਆਂ ਮਿਲੀਆਂ ਹਨ ਕਿ ਸਕੂਲਾਂ ਨੂੰ ਉਡਾਉਣ ਲਈ ਧਮਾਕਾਖੇਜ਼ ਸਮੱਗਰੀ ਪਲਾਂਟ ਕਰ ਦਿੱਤੀ ਗਈ ਹੈ। ਇਸ ਮਗਰੋਂ ਵਿਦਿਆਰਥੀਆਂ ਦੀਆਂ ਜਮਾਤਾਂ ਮੁਲਤਵੀ ਕਰ ਦਿੱਤੀਆਂ ਗਈਆਂ ਅਤੇ ਸਕੂਲੀ ਇਮਾਰਤਾਂ ਨੂੰ ਖਾਲੀ ਕਰਵਾ ਕੇ ਚੈਕਿੰਗ ਕੀਤੀ ਗਈ। -ਪੀਟੀਆਈ