ਕਾਠਮੰਡੂ: ਨੇਪਾਲ ਦੀ ਰਾਜਧਾਨੀ ਕਾਠਮੰਡੂ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਅੱਜ 5.9 ਤੀਬਰਤਾ ਦਾ ਭੂਚਾਲ ਆਇਆ। ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਨਿਕਲ ਆਏ। ਇਹ ਜਾਣਕਾਰੀ ਸਥਾਨਕ ਮੀਡੀਆ ਦੀਆਂ ਰਿਪੋਰਟਾਂ ਵਿੱਚ ਦਿੱਤੀ ਗਈ ਹੈ। ਕਾਠਮੰਡੂ ਘਾਟੀ ਅਤੇ ਗੁਆਂਂਢੀ ਜ਼ਿਲ੍ਹਿਆਂ ਵਿੱਚ ਭੂਚਾਲ ਦੇ ਝਟਕੇ ਅੱਜ ਦੁਪਹਿਰ 3.07 ਵਜੇ ਮਹਿਸੂਸ ਕੀਤੇ ਗਏ। ਕੌਮੀ ਭੂਚਾਲ ਵਿਗਿਆਨ ਖੋਜ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ ਕਾਠਮੰਡੂ ਤੋਂ 125 ਕਿਲੋਮੀਟਰ ਪੂਰਬ ਵਿੱਚ ਨੇਪਾਲ-ਚੀਨ ਸਰਹੱਦ ’ਤੇ ਸਿੰਧੂਪਲਚੌਕ ਜ਼ਿਲ੍ਹੇ ਵਿੱਚ ਸੀ। ਭੂਚਾਲ ਕਾਰਨ ਕੋਈ ਜਾਨੀ-ਮਾਲੀ ਨੁਕਸਾਨ ਹੋਣ ਦੀ ਰਿਪੋਰਟ ਨਹੀਂ ਮਿਲੀ ਹੈ। ਇਸ ਤੋਂ ਬਾਅਦ 3.53 ਵਜੇ ਭੂਚਾਲ ਦਾ ਇੱਕ ਹੋਰ ਝਟਕਾ ਮਹਿਸੂੁਸ ਕੀਤਾ ਗਿਆ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 4.5 ਮਾਪੀ ਗਈ ਹੈ। -ਪੀਟੀਆਈ