ਕੀਵ, 31 ਅਕਤੂਬਰ
ਰੂਸ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ, ਖਾਰਕੀਵ ਅਤੇ ਹੋਰ ਸ਼ਹਿਰਾਂ ’ਤੇ ਸੋਮਵਾਰ ਸਵੇਰੇ ਕੀਤੇ ਗਏ ਜ਼ੋਰਦਾਰ ਹਮਲੇ ’ਚ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਸ਼ਹਿਰਾਂ ’ਚ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ। ਕਾਲੇ ਸਾਗਰ ’ਚ ਬੇੜੇ ’ਤੇ ਹੋਏ ਹਮਲੇ ਲਈ ਰੂਸ ਨੇ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਰੂਸ ਨੇ ਬਦਲਾ ਲੈਣ ਲਈ ਹੁਣ ਯੂਕਰੇਨੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਹੈ।
ਕੀਵ ਦੇ ਮੇਅਰ ਵਿਤਾਲੀ ਕਲਿਸ਼ਚਕੋ ਨੇ ਲੋਕਾਂ ਨੂੰ ਕਿਹਾ ਹੈ ਕਿ ਜਦੋਂ ਤੱਕ ਸਪਲਾਈ ਬਹਾਲ ਨਹੀਂ ਹੋ ਜਾਂਦੀ, ਉਹ ਪਾਣੀ ਜਮ੍ਹਾਂ ਕਰਕੇ ਰੱਖਣ। ਲੋਕ ਜਦੋਂ ਕੰਮ ’ਤੇ ਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਧਮਾਕਿਆਂ ਦੀ ਆਵਾਜ਼ ਗੂੰਜ ਉੱਠੀ। ਕੀਵ ’ਚ ਸਾਇਰਨ ਲਗਾਤਾਰ ਤਿੰਨ ਘੰਟਿਆਂ ਤੱਕ ਵੱਜਦੇ ਰਹੇ ਅਤੇ ਕਈ ਲੋਕਾਂ ਨੂੰ ਮਿਜ਼ਾਈਲ ਹਮਲੇ ਹੋਣ ਸਬੰਧੀ ਸੁਨੇਹੇ ਵੀ ਮਿਲੇ। ਚੈੱਕ ਗਣਰਾਜ ਦੇ ਪ੍ਰਧਾਨ ਮੰਤਰੀ ਪੀਟਰ ਫਿਆਲਾ ਅਤੇ ਉਨ੍ਹਾਂ ਦੇ ਕਈ ਕੈਬਨਿਟ ਸਾਥੀ ਇਨ੍ਹਾਂ ਹਮਲਿਆਂ ਤੋਂ ਕੁਝ ਦੇਰ ਬਾਅਦ ਕੀਵ ਪਹੁੰਚੇ। ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਕਿਹਾ ਕਿ ਰੂਸ ਅਜੇ ਵੀ ਯੂਕਰੇਨੀਆਂ ਨੂੰ ਮਾਰਨ ਦੀ ਸੋਚ ਰੱਖਦਾ ਹੈ। ਦਨੀਪਰ ਦਰਿਆ ਦੇ ਕੰਢੇ ’ਤੇ ਧੂੰਆਂ ਉੱਠਦਾ ਦਿਖਾਈ ਦਿੱਤਾ। ਇਲਾਕੇ ਦੇ ਇਕ ਵਸਨੀਕ ਨੇ ਕਿਹਾ ਕਿ ਉਸ ਨੇ ਚਾਰ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣੀ ਹੈ। ਕੀਵ ਦੇ ਖੇਤਰੀ ਗਵਰਨਰ ਓਲੇਕਸੀ ਕੁਲੇਬਾ ਨੇ ਕਿਹਾ ਕਿ ਰੂਸੀ ਹਮਲੇ ’ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਜਦਕਿ ਕਈ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਰੂਸ ਨੇ ਇਸ ਮਹੀਨੇ ਦੂਜੀ ਵਾਰ ਅਜਿਹਾ ਵੱਡਾ ਹਮਲਾ ਕਰਕੇ ਯੂਕਰੇਨ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਤੋਂ ਪਹਿਲਾਂ 10 ਅਕਤੂਬਰ ਨੂੰ ਰੂਸ ਨੇ ਯੂਕਰੇਨੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਸੀ। -ਏਪੀ