ਟੋਕੀਓ, 17 ਜੂਨ
ਜਾਪਾਨ ਨੇ ਇਸ ਹਫ਼ਤੇ ਦੇ ਅੰਤ ਵਿਚ ਟੋਕੀਓ ਤੇ ਛੇ ਹੋਰ ਖੇਤਰਾਂ ਵਿਚ ਕਰੋਨਾਵਾਇਰਸ ਸਬੰਧੀ ਐਮਰਜੈਂਸੀ ਹਾਲਾਤ ’ਚ ਛੋਟ ਦੇਣ ਦੇ ਆਪਣੇ ਫ਼ੈਸਲੇ ਦਾ ਐਲਾਨ ਕਰਨ ਦੀ ਤਿਆਰੀ ਕਰ ਲਈ ਹੈ। ਜਾਪਾਨ ਵਿਚ ਕਰੋਨਾਵਾਇਰਸ ਦੇ ਰੋਜ਼ਾਨਾ ਦੇ ਕੇਸਾਂ ਵਿਚ ਨਿਘਾਰ ਆਇਆ ਹੈ ਅਤੇ ਦੂਜੇ ਪਾਸੇ ਕਰੀਬ ਇਕ ਮਹੀਨੇ ਬਾਅਦ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਰੋਨਾਵਾਇਰਸ ਦੇ ਰੋਜ਼ਾਨਾ ਦੇ ਕੇਸਾਂ ਵਿਚ ਜ਼ਿਕਰਯੋਗ ਕਮੀ ਆਈ ਹੈ ਅਤੇ ਆਸ ਹੈ ਕਿ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਐਮਰਜੈਂਸੀ ਵਿਚ ਕੁਝ ਢਿੱਲ ਦੇਣਗੇ। ਐਮਰਜੈਂਸੀ ਦੀ ਮਿਆਦ ਐਤਵਾਰ ਨੂੰ ਖ਼ਤਮ ਹੋ ਜਾਵੇਗੀ। ਮਾਹਿਰਾਂ ਤੇ ਲੋਕਾਂ ਨੇ ਓਲੰਪਿਕ ਖੇਡਾਂ ਕਰਵਾਉਣ ਸਬੰਧੀ ਜੋਖ਼ਮ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ ਪਰ ਸੁਗਾ ਨੇ ਕਿਹਾ ਕਿ ਉਹ ‘ਸੁਰੱਖਿਅਤ’ ਓਲੰਪਿਕ ਖੇਡਾਂ ਕਰਵਾਉਣ ਦਾ ਮਨ ਬਣਾ ਚੁੱਕੇ ਹਨ। -ਏਪੀ