ਲੰਡਨ: ਏਅਰ ਫਰਾਂਸ ਦੀ ਘਾਨਾ ਤੋਂ ਵਾਇਆ ਪੈਰਿਸ ਦਿੱਲੀ ਆ ਰਹੀ ਉਡਾਣ ’ਚ ਭਾਰਤੀ ਮੁਸਾਫ਼ਰ ਦੇ ਖਰੂਦੀ ਵਿਹਾਰ ਕਾਰਨ ਜਹਾਜ਼ ਨੂੰ ਬੁਲਗਾਰੀਆ ਦੀ ਰਾਜਧਾਨੀ ਸੋਫੀਆ ’ਚ ਹੰਗਾਮੀ ਹਾਲਤ ’ਚ ਉਤਾਰਨਾ ਪਿਆ। ਮੀਡੀਆ ਰਿਪੋਰਟ ਮੁਤਾਬਕ ਭਾਰਤੀ ਨਾਗਰਿਕ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ ਹੈ ਅਤੇ ਉਸ ਨੂੰ 72 ਘੰਟਿਆਂ ਲਈ ਹਿਰਾਸਤ ’ਚ ਰੱਖਿਆ ਗਿਆ ਹੈ। ਬਾਅਦ ’ਚ ਉਡਾਣ ਅਗਲੇ ਮੁਕਾਮ ਲਈ ਰਵਾਨਾ ਹੋਈ। ਭਾਰਤੀ ਨਾਗਰਿਕ ’ਤੇ ਜਹਾਜ਼ ’ਚ ਸਵਾਰ ਲੋਕਾਂ ਦੀ ਜਾਨ ਨੂੰ ਖ਼ਤਰੇ ’ਚ ਪਾਉਣ ਦੇ ਦੋਸ਼ ਲੱਗੇ ਹਨ। ਰਿਪੋਰਟ ਮੁਤਾਬਕ ਜੇਕਰ ਉਸ ਖ਼ਿਲਾਫ਼ ਕੇਸ ਚਲਿਆ ਤਾਂ ਉਸ ਨੂੰ 5 ਤੋਂ 10 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਭਾਰਤੀ ਨਾਗਰਿਕ ਨੂੰ ਆਪਣਾ ਪੱਖ ਰੱਖਣ ਲਈ ਵਕੀਲ ਅਤੇ ਅਨੁਵਾਦਕ ਮੁਹੱਈਆ ਕਰਵਾਏ ਗਏ ਹਨ। -ਪੀਟੀਆਈ