ਲੰਡਨ: ਦੱਖਣ-ਪੂਰਬੀ ਇੰਗਲੈਂਡ ਵਿੱਚ ਉਜਾੜ ਪਈ ਇਮਾਰਤ, ਜਿਸ ਨੂੰ ਕਦੇ ਗੁਰਦੁਆਰੇ ਵਜੋਂ ਵਰਤਿਆ ਜਾਂਦਾ ਸੀ ਅਤੇ ਦੋ ਸਾਲ ਪਹਿਲਾਂ ਢਾਹੁਣ ਤੋਂ ਬਚਾਇਆ ਗਿਆ ਸੀ, ਨੂੰ ਰਿਹਾਇਸ਼ੀ ਫਲੈਟਾਂ ਵਿੱਚ ਤਬਦੀਲ ਕੀਤਾ ਜਾਵੇਗਾ। ਕੈਂਟ ਕਾਊਂਟੀ ਵਿੱਚ ਗਰੇਵਸੈਂਡ ’ਚ ਕਲੇਰੈਂਸ ਪਲੇਸ ਵਿਚਲੀ ਇਸ ਇਮਾਰਤ ਨੂੰ ਢਾਹ ਕੇ 14 ਰਿਹਾਇਸ਼ੀ ਅਪਾਰਟਮੈਂਟ ਉਸਾਰੇ ਜਾਣਗੇ, ਜਿਸ ਵਿੱਚ ਲਾਇਬਰੇਰੀ, ਸਾਈਕਲ ਤੇ ਕੂੜਾ ਸਟੋਰੇਜ ਦੀ ਸਹੂਲਤ ਵੀ ਹੋਵੇਗੀ। ਦੋ ਸਾਲ ਪਹਿਲਾਂ ਗਰੇਵਸ਼ੈਮ ਬੋਰੋ ਕੌਂਸਲ ਨੇ ਇਮਾਰਤ ਦੇ ਢਾਂਚੇ ਨੂੰ ਢਾਹੁਣ ਦੀ ਯੋਜਨਾ ਦਾ ਵਿਰੋਧ ਕੀਤਾ ਸੀ। ਪਿਛਲੇ ਹਫਤੇ ਹੋਈ ਕੌਂਸਲ ਮੀਟਿੰਗ ਵਿੱਚ ਢਾਂਚੇ ਨੂੰ ਢਾਹ ਕੇ ਇਸ ਦੀ ਥਾਂ ਰਿਹਾਇਸ਼ੀ ਫਲੈਟਾਂ ਦਾ ਨਿਰਮਾਣ ਕੀਤੇ ਜਾਣ ਦੀ ਯੋਜਨਾ ’ਤੇ ਚਰਚਾ ਕੀਤੀ ਗਈ ਸੀ। ਕੌਂਸਲ ਕੋਲ ਦਾਖ਼ਲ ਸੱਜਰੀ ਅਰਜ਼ੀ ਮੁਤਾਬਕ ਇਸ ਨਵੀਂ ਸਕੀਮ ਨਾਲ ਸਥਾਨਕ ਬੁਨਿਆਦੀ ਢਾਂਚੇ ਨੂੰ ਹੀ ਫਾਇਦਾ ਹੋਵੇਗਾ। ਇਸ ਢਾਂਚੇ ਦੇ ਇਤਿਹਾਸ ਮੁਤਾਬਕ ਇਹ ਇਮਾਰਤ 1873 ਵਿੱਚ ਮਿਲਟਨ ਕੌਂਗਰੀਗੇਸ਼ਨਲ ਚਰਚ ਤੇ ਲੈਕਚਰ ਹਾਲ ਵਜੋਂ ਉਸਾਰੀ ਗਈ ਸੀ। 1968 ਵਿੱਚ ਇਹ ਸਾਬਕਾ ਗਿਰਜਾਘਰ ਇਲਾਕੇ ਦੇ ਸਿੱਖਾਂ ਲਈ ਗੁਰਦੁਆਰਾ ਬਣ ਗਿਆ ਸੀ। -ਪੀਟੀਆਈ