ਲੰਡਨ, 16 ਨਵੰਬਰ
ਇੰਗਲੈਂਡ ’ਚ ਉੱਚ ਸਿੱਖਿਆ ਖੇਤਰ ’ਚ ਸਥਿਰਤਾ ਬਾਰੇ ਨਵੀਂ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਬਰਤਾਨੀਆ ਦੀਆਂ ਯੂਨੀਵਰਸਿਟੀਆਂ ’ਚ ਦਾਖਲੇ ਲਈ ਅਰਜ਼ੀ ਦੇਣ ਤੋਂ ਰੋਕਿਆ ਜਾ ਰਿਹਾ ਹੈ, ਜਿਸ ਨਾਲ ਅਜਿਹੇ ਸਮੇਂ ’ਚ ਯੂਨੀਵਰਸਿਟੀਆਂ ਦੇ ਵਿੱਤੀ ਸੰਕਟ ਵੱਧ ਗਏ ਹਨ ਜਦੋਂ ਸਿੱਖਿਆ ਸੰਸਥਾਵਾਂ ਪਹਿਲਾਂ ਹੀ ਘੱਟ ਫੰਡ ਦਾ ਸਾਹਮਣਾ ਕਰ ਰਹੀਆਂ ਹਨ। ਆਫਿਸ ਫਾਰ ਸਟੂਡੈਂਟਜ਼ ਵੱਲੋਂ ਕੀਤੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਵਿਦਿਆਰਥੀਆਂ ਦੀ ਗਿਣਤੀ ’ਚ 20.4 ਫੀਸਦ ਦੀ ਕਮੀ ਆਈ ਹੈ ਅਤੇ ਹੁਣ ਭਾਰਤੀ ਵਿਦਿਆਰਥੀਆਂ ਦੀ ਗਿਣਤੀ 1,39,914 ਤੋਂ ਘੱਟ ਕੇ 1,11,329 ਰਹਿ ਗਈ ਹੈ। ਬਰਤਾਨੀਆ ’ਚ ਭਾਰਤੀ ਵਿਦਿਆਰਥੀ ਸਮੂਹਾਂ ਨੇ ਕਿਹਾ ਕਿ ਨੌਕਰੀਆਂ ਦੀਆਂ ਸੀਮਤ ਸੰਭਾਵਨਾਵਾਂ ਅਤੇ ਹਾਲ ਹੀ ਵਿੱਚ ਕੁਝ ਸ਼ਹਿਰਾਂ ’ਚ ਪਰਵਾਸੀਆਂ ਖ਼ਿਲਾਫ਼ ਦੰਗਿਆਂ ਤੋਂ ਬਾਅਦ ਸੁਰੱਖਿਆ ਫਿਕਰਾਂ ਵਿਚਾਲੇ ਹੋਰ ਗਿਰਾਵਟ ਦੀ ਉਮੀਦ ਕੀਤੀ ਜਾ ਸਕਦੀ ਹੈ। ਸਰਕਾਰ ਦੇ ਸਿੱਖਿਆ ਵਿਭਾਗ ਦੀ ਗ਼ੈਰ-ਵਿਭਾਗੀ ਜਨਤਕ ਸੰਸਥਾ ‘ਆਫਿਸ ਫਾਰ ਸਟੂਡੈਂਟਜ਼’ ਦੀ ਰਿਪੋਰਟ ’ਚ ਕਿਹਾ ਗਿਆ ਹੈ, ‘ਕੁਝ ਅਹਿਮ ਮੁਲਕਾਂ ’ਚ ਭਵਿੱਖੀ ਗ਼ੈਰ-ਬਰਤਾਨਵੀ ਵਿਦਿਆਰਥੀਆਂ ਦੇ ਵਿਦਿਆਰਥੀ ਵੀਜ਼ਾ ਅਰਜ਼ੀਆਂ ’ਚ ਕਾਫੀ ਕਮੀ ਆਈ ਹੈ। ਇਹ ਅੰਕੜਾ ਕੌਮਾਂਤਰੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਸਪਾਂਸਰਡ ਪ੍ਰਵਾਨਗੀਆਂ ਦੀ ਕੁੱਲ ਗਿਣਤੀ ’ਚ 11.8 ਫੀਸਦ ਦੀ ਕਮੀ ਨੂੰ ਦਰਸਾਉਂਦਾ ਹੈ।’ -ਪੀਟੀਆਈ