ਲੰਡਨ, 1 ਜੂਨ
ਮਹਾਤਮਾ ਗਾਂਧੀ ਦੇ ਹੱਥੀਂ ਲਿਖੇ ਪੱਤਰਾਂ ਵਾਲੇ ਕੁਝ ਦੁਰਲੱਭ ਲਿਫ਼ਾਫ਼ਿਆਂ ਦੀ ਪ੍ਰਦਰਸ਼ਨੀ ਇੰਗਲੈਂਡ ਵਿਚ ਲਾਈ ਜਾ ਰਹੀ ਹੈ। ਇਹ ਭਾਰਤ ਦੀ ਵੰਡ ਦੇ ਐਲਾਨ ਤੋਂ ਸਿਰਫ਼ ਇਕ ਦਿਨ ਪਹਿਲਾਂ ਦੇ ਲਿਖੇ ਹੋਏ ਹਨ। ਇਹ ਪ੍ਰਦਰਸ਼ਨੀ ਇੰਗਲੈਂਡ ਦੀ ਯੂਨੀਵਰਸਿਟੀ ਆਫ਼ ਸਾਊਥੈਂਪਟਨ ਵਿਚ ਭਲਕ ਤੋਂ ਲੱਗੇਗੀ। ਇਸ ਪ੍ਰਦਰਸ਼ਨੀ ਨੂੰ ਮੁੰਬਈ ਦੇ ਕਲਾਕਾਰ ਜਿਤੀਸ਼ ਕੱਲਟ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਲਿਫ਼ਾਫ਼ੇ ਯੂਨੀਵਰਸਿਟੀ ਦੇ ‘ਮਾਊਂਟਬੈਟਨ ਸੰਗ੍ਰਹਿ’ ਵਿਚੋਂ ਲਏ ਗਏ ਹਨ ਜੋ ਕਿ ਭਾਰਤ ਦੇ ਆਖ਼ਰੀ ਵਾਇਸਰਾਏ ਨਾਲ ਸਬੰਧਤ ਹਨ। ਹਰੇਕ ਲਿਫ਼ਾਫ਼ਾ ਮਹਾਤਮਾ ਗਾਂਧੀ ਦੇ ਨਾਂ ਸੰਬੋਧਿਤ ਹੈ ਤੇ ਉਨ੍ਹਾਂ ਅਤੇ ਲਾਰਡ ਲੁਇਸ ਮਾਊਂਟਬੈਟਨ ਦਰਮਿਆਨ ਪੱਤਰਾਂ ਰਾਹੀਂ ਹੋਈ ਗੱਲਬਾਤ ਦਾ ਇਕੋ-ਇਕ ਬਚਿਆ ਹੋਇਆ ਰਿਕਾਰਡ ਹੈ। ਇਹ ਲਿਫ਼ਾਫ਼ੇ ਭਾਰਤ ਦੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਪੰਨਿਆਂ ਵਿਚੋਂ ਇਕ ਹਨ। ਜਿਤੀਸ਼ ਨੇ ਦੱਸਿਆ ਕਿ ਇਹ ਗੱਲਬਾਤ ਵੰਡ ਤੋਂ ਕੇਵਲ ਇਕ ਦਿਨ ਪਹਿਲਾਂ ਹੋਈ ਸੀ। ਦੱਸਣਯੋਗ ਹੈ ਕਿ ਦੋ ਜੂਨ, 1947 ਨੂੰ ਲਾਰਡ ਮਾਊਂਟਬੈਟਨ ਨੇ ਮਹਾਤਮਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦੋਵਾਂ ਨੇ ਇਸ ਮੌਕੇ ਭਾਰਤ ਦੀ ਵੰਡ ਬਾਰੇ ਵਿਚਾਰ-ਚਰਚਾ ਕਰਨੀ ਸੀ। ਇਸ ਤਜਵੀਜ਼ ਦਾ ਗਾਂਧੀ ਨੇ ਉਦੋਂ ਕਰੜਾ ਵਿਰੋਧ ਕੀਤਾ ਸੀ। ਜ਼ਿਕਰਯੋਗ ਹੈ ਕਿ ਗਾਂਧੀ ਸੋਮਵਾਰ ਨੂੰ ਮੌਨ ਵਰਤ ਰੱਖਦੇ ਸਨ, ਇਸ ਲਈ ਇਸ ਮੀਟਿੰਗ ਨੇ ਗੈਰ-ਸਾਧਾਰਨ ਮੋੜ ਲਿਆ ਤੇ ਗੱਲਬਾਤ ਕਰਨ ਦੀ ਬਜਾਏ ਗਾਂਧੀ ਨੇ ਇਸਤੇਮਾਲ ਕੀਤੇ ਗਏ ਲਿਫ਼ਾਫ਼ਿਆਂ ਦੇ ਪਿੱਛੇ ਹੱਥ ਲਿਖਤ ਨੋਟਸ ਦੇ ਮਾਧਿਅਮ ਰਾਹੀਂ ਮਾਊਂਟਬੈਟਨ ਨਾਲ ਸੰਵਾਦ ਕੀਤਾ। ਜ਼ਿਕਰਯੋਗ ਹੈ ਕਿ ਉਹ ਤਿੰਨ ਜੂਨ 1947 ਦਾ ਦਿਨ ਸੀ ਜਦ ਵੰਡ ਦੀ ਯੋਜਨਾ ਅਧਿਕਾਰਤ ਤੌਰ ਉਤੇ ਬਰਤਾਨਵੀ ਸਰਕਾਰ ਨੇ ਦੇਸ਼ ਛੱਡਣ ਤੋਂ ਪਹਿਲਾਂ ਸਾਰਿਆਂ ਦੇ ਸਾਹਮਣੇ ਰੱਖੀ ਸੀ। -ਪੀਟੀਆਈ