ਕੀਵ, 31 ਜੁਲਾਈ
ਰੂਸ ਦੇ ਕਾਲਾ ਸਾਗਰ ਜਹਾਜ਼ੀ ਬੇੜੇ ਦੇ ਹੈੱਡਕੁਆਰਟਰ ਵਿੱਚ ਅੱਜ ਹੋਏ ਡਰੋਨ ਧਮਾਕੇ ਵਿੱਚ ਛੇ ਜਣੇ ਜ਼ਖ਼ਮੀ ਹੋ ਗਏ। ਕ੍ਰੀਮੀਆ ਪ੍ਰਾਇਦੀਪ ਦੇ ਸੇਵਾਸਤੋਪੋਲ ਸ਼ਹਿਰ ਸਥਿਤ ਹੈੱਡਕੁਆਰਟਰ ਵਿੱਚ ਧਮਾਕੇ ਮਗਰੋਂ ਰੂਸੀ ਜਲ ਸੈਨਾ ਦਿਵਸ ਸਬੰਧੀ ਛੁੱਟੀ ਰੱਦ ਕਰ ਦਿੱਤੀ ਗਈ ਹੈ। ਸਾਲ 2014 ਵਿੱਚ ਰੂਸ ਨੇ ਕ੍ਰੀਮੀਆ ਪ੍ਰਾਇਦੀਪ ’ਤੇ ਹਮਲਾ ਕਰਕੇ ਉਸ ਨੂੰ ਯੂਕਰੇਨ ਤੋਂ ਖੋਹ ਲਿਆ ਸੀ। ਕਾਲਾ ਸਾਗਰ ਬੇੜੇ ਦੀ ਪ੍ਰੈੱਸ ਸਰਵਿਸ ਨੇ ਦੱਸਿਆ ਕਿ ਹਮਲਾ ਡਰੋਨ ਨਾਲ ਕੀਤਾ ਗਿਆ ਜਿਹੜਾ ਕਿ ਦੇਸੀ ਲਗਦਾ ਹੈ। ਸੇਵਾਸਤੋਪੋਲ ਦੇ ਮੇਅਰ ਮਿਖਾਈਲ ਰਾਜ਼ਵੋਜ਼ੇਵ ਨੇ ਕਿਹਾ ਕਿ ਧਮਾਕਾਖੇਜ਼ ਉਪਕਰਨ ‘ਘੱਟ ਸਮਰੱਥਾ’ ਵਾਲਾ ਸੀ ਪਰ ਧਮਾਕੇ ਵਿੱਚ ਛੇ ਜਣੇ ਹੋ ਜ਼ਖ਼ਮੀ ਹੋ ਗਏ। ਹਾਲੇ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਡਰੋਨ ਨੇ ਕਿੱਥੋਂ ਉਡਾਣ ਭਰੀ ਸੀ। ਸੇਵਾਸਤੋਪੋਲ ਯੂਕਰੇਨ ਤੋਂ ਲਗਪਗ 170 ਕਿਲੋਮੀਟਰ (100 ਮੀਲ) ਦੂਰ ਹੈ। -ਏਪੀ
ਕੀਵ: ਰੂਸ ਅਤੇ ਯੂਕਰੇਨ ਵਿਚਾਲੇ ਅੱਜ ਦੋਨੇਤਸਕ ਵਿੱਚ ਜੰਗ ਤੇਜ਼ ਹੋ ਗਈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਜੰਗ ਤੇਜ਼ ਹੋਣ ਮਗਰੋਂ ਪੂਰਬੀ ਦੋਨੇਤਸਕ ਇਲਾਕੇ ਵਿੱਚੋਂ ਲੋਕਾਂ ਨੂੰ ਬਚਾਅ ਕੇ ਕੱਢਣ ਦੇ ਹੁਕਮ ਦਿੱਤੇ ਹਨ। ਅਲ ਜ਼ਜ਼ੀਰਾ ਦੀ ਰਿਪੋਰਟ ਮੁਤਾਬਕ ਜੇਲੈਂਸਕੀ ਨੇ ਸ਼ਨਿਚਰਵਾਰ ਦੇਰ ਰਾਤ ਇੱਕ ਟੈਲੀਵਿਜ਼ਨ ’ਤੇ ਸੰਬੋਧਨ ਦੌਰਾਨ ਇਹ ਵੀ ਕਿਹਾ ਕਿ ਜੰਗ ਪ੍ਰਭਾਵਿਤ ਡੋਨਾਬਾਸ ਦੇ ਕਈ ਇਲਾਕਿਆਂ ਵਿੱਚ ਵੀ ਹਜ਼ਾਰਾਂ ਲੋਕਾਂ ਨੂੰ ਜਾਨ ਦਾ ਖ਼ਤਰਾ ਹੈ ਅਤੇ ਉਨ੍ਹਾਂ ਨੂੰ ਉੱਥੋਂ ਜਾਣ ਦੀ ਲੋੜ ਹੈ। ਇਸੇ ਦੌਰਾਨ ਦੋਨੇਤਸਕ ਦੇ ਗਵਰਨਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦੋਨੇਤਸਕ ਵਿੱਚ ਰੂਸੀ ਫ਼ੌਜ ਵੱਲੋਂ ਕੀਤੇ ਗਏ ਹਮਲੇ ਦੌਰਾਨ ਛੇ ਜਣੇ ਮਾਰੇ ਗਏ ਸਨ, ਜਦਕਿ ਪੰਦਰਾਂ ਹੋਰ ਜ਼ਖ਼ਮੀ ਹੋ ਗਏ ਸਨ। ਮਾਇਕੋਲੇਵ ਦੇ ਅਧਿਕਾਰੀ ਨੇ ਦੱਸਿਆ ਕਿ ਅੱਜ ਹਮਲੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਹੋਟਲ ਅਤੇ ਸਕੂਲ ਸਮੇਤ ਹੋਰ ਇਮਾਰਤਾਂ ਨੂੰ ਵੀ ਬੰਬਾਰੀ ਕਾਰਨ ਨੁਕਸਾਨ ਪੁੱਜਿਆ। -ਏਐੱਨਆਈ