ਉਗਾਡੁਗੂ (ਬੁਰਕੀਨਾ ਫਾਸੋ), 19 ਅਗਸਤ
ਸ਼ੱਕੀ ਇਸਲਾਮੀ ਇੰਤਹਾਪਸੰਦਾਂ ਨੇ ਉੱਤਰੀ ਬੁਰਕੀਨਾ ਫਾਸੋ ਵਿੱਚ ਇਕ ਕਾਫ਼ਲੇ ’ਤੇ ਘਾਤ ਲਗਾ ਕੇ ਕੀਤੇ ਹਮਲੇ ਵਿੱਚ ਘੱਟੋ-ਘੱਟ 30 ਆਮ ਨਾਗਰਿਕਾਂ ਤੇ 17 ਫੌਜੀਆਂ ਤੇ ਵਾਲੰਟੀਅਰ ਰੱਖਿਆ ਲੜਾਕਿਆਂ ਦੀ ਹੱਤਿਆ ਕਰ ਦਿੱਤੀ ਹੈ। ਬੁਰਕੀਨਾ ਫਾਸੋ ਦੇ ਸਾਹੇਲ ਖਿੱਤੇ ਵਿੱਚ ਹੋਏ ਇਸ ਹਮਲੇ ਦੀ ਭਾਵੇਂ ਅਜੇ ਤੱਕ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਅਲ-ਕਾਇਦਾ ਤੇ ਇਸਲਾਮਿਕ ਸਟੇਟ ਗਰੁੱਪ ਨਾਲ ਜੁੜੇ ਦਹਿਸ਼ਤੀਆਂ ਵੱਲੋਂ ਅਫ਼ਰੀਕਾ ਦੇ ਪੱਛਮ ਵਿੱਚ ਪੈਂਦੇ ਇਸ ਮੁਲਕ ਦੇ ਸੁਰੱਖਿਆ ਬਲਾਂ ਨੂੰ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ।
ਮੁਲਕ ਦੇ ਉੱਤਰੀ ਹਿੱਸੇ ਵਿੱਚ ਹੋਏ ਇਕ ਹਾਲੀਆ ਹਮਲੇ ਵਿੱਚ 30 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਜਿਨ੍ਹਾਂ ਵਿੱਚ 15 ਫੌਜੀ ਤੇ ਚਾਰ ਵਲੰਟੀਅਰ ਲੜਾਕੇ ਵੀ ਸ਼ਾਮਲ ਸਨ। ਹਫ਼ਤਾ ਕੁ ਪਹਿਲਾਂ ਸ਼ੱਕੀ ਇੰਤਹਾਪਸੰਦਾਂ ਨੇ ਪੱਛਮੀ ਬੁਰਕੀਨਾ ਫਾਸੋ ਵਿੱਚ ਸੁਰੱਖਿਆ ਬਲਾਂ ਦੇ ਟੋਲੇ ਨੂੰ ਘੇਰ ਕੇ ਕੀਤੇ ਹਮਲੇ ਵਿੱਚ 12 ਜਣਿਆਂ ਦੀ ਹੱਤਿਆ ਕਰ ਦਿੱਤੀ ਸੀ। ਪਾਲਿਸੀ ਸੈਂਟਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਦਹਿਸ਼ਤਗਰਦ ਫੌਜੀ ਢਾਲ ਦੇ ਬਾਵਜੂਦ ਸਿਵਲੀਅਨਾਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹਨ। ਅਧਿਕਾਰੀ ਨੇ ਕਿਹਾ ਕਿ ਹਮਲਿਆਂ ਤੋਂ ਸਾਫ਼ ਹੈ ਕਿ ਦਹਿਸ਼ਤਗਰਦਾਂ ਕੋਲ ਸੁਰੱਖਿਆ ਬਲਾਂ ਦੇ ਟਿਕਾਣਿਆਂ ਤੇ ਉਨ੍ਹਾਂ ਦੀ ਆਮਦੋਰਫ਼ਤ ਦੇ ਰੂਟ ਬਾਰੇ ਅਗਾਊਂ ਪੂਰੀ ਜਾਣਕਾਰੀ ਸੀ। ਇੰਤਹਾਪਸੰਦਾਂ ਵੱਲੋਂ ਕੀਤੀ ਜਾਂਦੀ ਹਿੰਸਾ ਤੇ ਫੌਜ ਦੀ ਜਵਾਬੀ ਕਾਰਵਾਈ ਵਿੱਚ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਜਾਨ ਜਾਂਦੀ ਰਹੀ ਹੈ ਤੇ 13 ਲੱਖ ਕੇ ਕਰੀਬ ਲੋਕ ਘਰੋਂ ਬੇਘਰ ਹੋ ਚੁੱਕੇ ਹਨ। -ਏਪੀ