ਸਿੰਗਾਪੁਰ: ਫੇਸਬੁੱਕ ਨੇ ਅੱਜ ਆਪਣੇ ਪਲੇਟਫਾਰਮਾਂ ਫੇਸਬੁੱਕ ਤੇ ਇੰਸਟਾਗ੍ਰਾਮ ਦਾ ਇਸਤੇਮਾਲ ਕਰਨ ਸਬੰਧੀ ਮਿਆਂਮਾਰ ਦੀ ਫ਼ੌਜ ’ਤੇ ਤੁਰੰਤ ਪ੍ਰਭਾਵ ਤੋਂ ਰੋਕ ਲਗਾ ਦਿੱਤੀ ਹੈ। ਪਿਛਲੇ ਕਈ ਹਫ਼ਤਿਆਂ ਤੋਂ ਲੋਕਾਂ ਵੱਲੋਂ ਵੱਡੀ ਪੱਧਰ ’ਤੇ ਕੀਤੇ ਜਾ ਰਹੇ ਪ੍ਰਦਰਸ਼ਨਾਂ ਤੋਂ ਬਾਅਦ ਫ਼ੌਜ ਵੱਲੋਂ ਸੱਤਾ ’ਤੇ ਕਬਜ਼ਾ ਕੀਤੇ ਜਾਣ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ਫੇਸਬੁੱਕ ਨੇ ਇਕ ਬਲੌਗ ਪੋਸਟ ’ਚ ਕਿਹਾ, ‘‘ਜਾਨਲੇਵਾ ਹਿੰਸਾ ਸਮੇਤ ਪਹਿਲੀ ਫ਼ਰਵਰੀ ਨੂੰ ਹੋਏ ਤਖ਼ਤਾ ਪਲਟ ਨੇ ਇਹ ਪਾਬੰਦੀ ਲਾਉਣ ਦੀ ਲੋੜ ਪੈਦਾ ਕੀਤੀ। ਸਾਡਾ ਮੰਨਣਾ ਹੈ ਕਿ ਮਿਆਂਮਾਰ ਦੀ ਫ਼ੌਜ ਨੂੰ ਫੇਸਬੁੱਕ ਤੇ ਇੰਸਟਾਗ੍ਰਾਮ ਦੀ ਮਨਜ਼ੂਰੀ ਦੇਣਾ ਕਾਫੀ ਖ਼ਤਰਨਾਕ ਸਾਬਿਤ ਹੋ ਸਕਦਾ ਹੈ।’’ ਜ਼ਿਕਰਯੋਗ ਹੈ ਕਿ ਨਵੰਬਰ ’ਚ ਹੋਏ ਕਥਿਤ ਘੁਟਾਲੇ ਤੋਂ ਬਾਅਦ ਇਸ ਮਹੀਨੇ ਫ਼ੌਜ ਨੇ ਤਖ਼ਤਾ ਪਲਟ ਕਰ ਦਿੱਤਾ। ਫੇਸਬੁੱਕ ਨੇ ਕਿਹਾ ਕਿ ਉਸ ਵੱਲੋਂ ਫੌਜ ਨਾਲ ਸਬੰਧ ਵਾਲੀਆਂ ਸਾਰੀਆਂ ਕਾਰੋਬਾਰੀ ਸ਼ਖ਼ਸੀਅਤਾਂ ਦੇ ਇਸ਼ਤਿਹਾਰਾਂ ’ਤੇ ਵੀ ਰੋਕ ਲਗਾਈ ਜਾਵੇਗੀ।
-ਰਾਇਟਰਜ਼