ਵਾਸ਼ਿੰਗਟਨ: ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਤੇ ਮੈਸੰਜਰ ਜਿਹੇ ਮਕਬੂਲ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਆਲਮੀ ਪੱਧਰ ’ਤੇ ਪਏ ਨੁਕਸ ਮਗਰੋਂ ਮੁੜ ਚਾਲੂ ਕਰ ਦਿੱਤਾ ਗਿਆ ਹੈ। ‘ਨੁਕਸਦਾਰ ਕਨਫਿਗ੍ਰੇਸ਼ਨ ਬਦਲਾਅ’ ਕਰਕੇ ਇਹ ਪਲੈਟਫਾਰਮ ਲਗਪਗ ਛੇ ਘੰਟਿਆਂ ਲਈ ਬੰਦ ਰਹੇ ਤੇ ਆਲਮੀ ਪੱਧਰ ’ਤੇ ਕਰੋੜਾਂ ਲੋਕ ਅਸਰਅੰਦਾਜ਼ ਹੋਏ। ਫੇਸਬੁੱਕ ਦੀ ਮਾਲਕੀ ਵਾਲੇ ਇਹ ਸਾਰੇ ਪਲੈਟਫਾਰਮ ਸੋਮਵਾਰ ਸ਼ਾਮ ਨੂੰ ਠੱਪ ਹੋ ਗਏ ਸਨ, ਜਿਸ ਕਾਰਨ ਵਰਤੋਂਕਾਰਾਂ ਦੀ ਵੱਖ ਵੱਖ ਸੇਵਾਵਾਂ ਤੇ ਉਤਪਾਦਾਂ ਤੱਕ ਰਸਾਈ ਮੁਸ਼ਕਲ ਹੋ ਗਈ। ਕੈਲੀਫੋਰਨੀਆ ਆਧਾਰਿਤ ਕੰਪਨੀ ਨੇ ਸੋਮਵਾਰ ਦੇਰ ਰਾਤ ਜਾਰੀ ਬਿਆਨ ਵਿੱਚ ਕਿਹਾ ਕਿ ਇਸ ਤਕਨੀਕੀ ਨੁਕਸ ਦੀ ਮੁੱਖ ਵਜ੍ਹਾ ਨੁਕਸਦਾਰ ਕਨਫਿਗ੍ਰੇਸ਼ਨ ਬਦਲਾਅ ਸੀ। ਕੰਪਨੀ ਨੇ ਹਾਲਾਂਕਿ ਨਾਲ ਹੀ ਸਾਫ਼ ਕੀਤਾ ਹੈ ਕਿ ਨੁਕਸ ਦੇ ਅਰਸੇ ਦੌਰਾਨ ਵਰਤੋਕਾਰਾਂ ਦੇ ਡੇਟਾ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਇਆ। ਫੇਸਬੁੱਕ ਦੇ ਵਾਈਜ਼ ਪ੍ਰੈਜ਼ੀਡੈਂਟ (ਬੁਨਿਆਦੀ ਢਾਂਚਾ) ਸੰਤੋਸ਼ ਜਨਾਰਦਨ ਨੇ ਕਿਹਾ, ‘‘ਸਾਡੀਆਂ ਸੇੇਵਾਵਾਂ ਮੁੜ ਆਨਲਾਈਨ ਹੋ ਗਈਆਂ ਹਨ ਤੇ ਅਸੀਂ ਰੈਗੂਲਰ ਅਪਰੇਸ਼ਨਾਂ ਤੱਕ ਰਸਾਈ ਸੰਭਵ ਬਣਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਾਂ।’’ -ਪੀਟੀਆਈ