ਸਿੰਗਾਪੁਰ, 17 ਅਕਤੂਬਰ
ਫਿਜੀ ਵੱਲੋਂ ਅਗਲੇ ਸਾਲ ਪਹਿਲੀ ਵਾਰ ਵਿਸ਼ਵ ਹਿੰਦੀ ਕਾਨਫਰੰਸ ਦੀ ਮੇਜ਼ਬਾਨੀ ਕੀਤੀ ਜਾਵੇਗੀ। ਦੱਖਣੀ ਪ੍ਰਸ਼ਾਂਤ ਦੇਸ਼ ਵਿੱਚ ਭਾਰਤੀ ਹਾਈ ਕਮਿਸ਼ਨਰ ਪੀ ਐੱਸ ਕਾਰਤਿਗਯਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ‘ਫਿਜੀ ਟਾਈਮਜ਼’ ਰਿਪੋਰਟ ਮੁਤਾਬਕ, ਭਾਰਤ ਅਤੇ ਫਿਜੀ ਸਰਕਾਰ ਨੇ ਸਾਂਝੇ ਤੌਰ ’ਤੇ ਵਿਸ਼ਵ ਹਿੰਦੀ ਕਾਨਫਰੰਸ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਅਖ਼ਬਾਰ ਨੇ ਕਾਰਤਿਗਯਨ ਦੇ ਹਵਾਲੇ ਨਾਲ ਕਿਹਾ ਕਿ ਹਿੰਦੀ ਨੂੰ ਆਲਮੀ ਪੱਧਰ ’ਤੇ ਉਤਸ਼ਾਹਿਤ ਕਰਨ ਲਈ ਇਹ ਤਿੰਨ ਰੋਜ਼ਾ ਕਾਨਫਰੰਸ ਫਿਜੀ ਦੇ ਨਾਡੀ ਸ਼ਹਿਰ ਵਿੱਚ ਕਰਵਾਈ ਜਾਵੇਗੀ। ਇਸ ਵਿੱਚ ਵਿਦਵਾਨ, ਲੇਖਕ ਅਤੇ ਪੁਰਸਕਾਰ ਜੇਤੂਆਂ ਸਣੇ ਇੱਕ ਹਜ਼ਾਰ ਤੋਂ ਵੱਧ ਭਾਰਤੀ ਭਾਸ਼ਾ ਦੇ ਮਾਹਿਰ ਹਿੱਸਾ ਲੈਣਗੇ। ਭਾਰਤੀ ਹਾਈ ਕਮਿਸ਼ਨਰ ਨੇ ਕਿਹਾ, ‘‘ਫਿਜੀ ਅਗਲੇ ਸਾਲ ਪਹਿਲੀ ਵਾਰ ਵੱਕਾਰੀ ਵਿਸ਼ਵ ਹਿੰਦੀ ਕਾਨਫਰੰਸ ਦੀ ਮੇਜ਼ਬਾਨੀ ਕਰੇਗਾ। ਦੋਵਾਂ ਸਰਕਾਰਾਂ ਵੱਲੋਂ ਤਰੀਕਾਂ ਤੈਅ ਕੀਤੀਆਂ ਗਈਆਂ ਹਨ। ਉਮੀਦ ਹੈ ਕਿ ਇਸ ਦਾ ਰਸਮੀ ਐਲਾਨ ਜਲਦੀ ਹੀ ਕੀਤਾ ਜਾਵੇਗਾ।’’ -ਪੀਟੀਆਈ