ਸੇਂਟ ਪੌਲ (ਮਿਨੀਸੋਟਾ), 7 ਮਾਰਚ
ਅਸ਼ਵੇਤ ਜੌਰਜ ਫਲਾਇਡ ਦੀ ਮੌਤ ਦੇ ਮਾਮਲੇ ’ਚ ਸਾਬਕਾ ਪੁਲੀਸ ਅਧਿਕਾਰੀ ਡੈਰੇਕ ਚਉਵਿਨ ਖ਼ਿਲਾਫ਼ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਸ਼ਨਿਚਰਵਾਰ ਨੂੰ 150 ਤੋਂ ਜ਼ਿਆਦਾ ਲੋਕਾਂ ਨੇ ਮਿਨੀਸੋਟਾ ਦੇ ਗਵਰਨਰ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਪੁਲੀਸ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਪ੍ਰਦਰਸ਼ਨਕਾਰੀਆਂ ’ਚੋਂ ਜ਼ਿਆਦਾਤਰ ਲੋਕ ਉਹ ਸਨ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਪੁਲੀਸ ਮੁਕਾਬਲਿਆਂ ’ਚ ਮਾਰੇ ਗਏ ਹਨ। ਅਜਿਹੇ ਪ੍ਰਦਰਸ਼ਨ ਮੁਲਕ ਦੇ ਹੋਰ ਸ਼ਹਿਰਾਂ ’ਚ ਵੀ ਕੀਤੇ ਗਏ। ‘ਦਿ ਸਟਾਰ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਬੁਲਾਰਿਆਂ ਨੇ ਕਿਹਾ ਕਿ ਫਲਾਇਡ ਦੀ ਮੌਤ ਮਗਰੋਂ ਚੱਲ ਰਹੇ ਮੁਕੱਦਮੇ ਨੂੰ ਦੇਖਦਿਆਂ ਉਹ ਚਾਹੁੰਦੇ ਹਨ ਕਿ ਹੋਰ ਪੁਲੀਸ ਮੁਕਾਬਲਿਆਂ ਦੇ ਕੇਸ ਮੁੜ ਤੋਂ ਖੋਲ੍ਹੇ ਜਾਣ। -ਏਪੀ