ਮਿਨੀਪੋਲਿਸ, 18 ਫਰਵਰੀ
ਅਸ਼ਵੇਤ ਜੌਰਜ ਫਲਾਇਡ ਦੀ ਮੌਤ ਦੇ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਮਿਨੀਪੋਲਿਸ ’ਚ ਸੁਰੱਖਿਆ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਸਾਬਕਾ ਪੁਲੀਸ ਅਧਿਕਾਰੀ ’ਤੇ ਫਲਾਇਡ ਦੀ ਹੱਤਿਆ ਦਾ ਦੋਸ਼ ਲੱਗਾ ਹੈ। ਮੇਅਰ ਜੈਕਬ ਫਰੇਅ ਨੇ ਕਿਹਾ ਕਿ ਡੈਰੇਕ ਚਉਵਿਨ ਖ਼ਿਲਾਫ਼ ਮੁਕੱਦਮੇ ਕਾਰਨ ਕਈਆਂ ਨੂੰ ਸਦਮਾ ਪਹੁੰਚ ਸਕਦਾ ਹੈ ਜਿਸ ਲਈ ਸ਼ਹਿਰ ’ਚ ਸੁਰੱਖਿਆ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਹੱਥਕੜੀ ਲੱਗੇ ਫਲਾਇਡ ਦੇ ਗਲੇ ’ਤੇ ਚਉਵਿਨ ਨੇ ਗੋਡਾ ਰੱਖ ਦਿੱਤਾ ਸੀ ਜਿਸ ਕਾਰਨ ਉਸ ਨੂੰ ਸਾਹ ਲੈਣ ’ਚ ਤਕਲੀਫ਼ ਹੋਈ ਅਤੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ ਸੀ। ਫਲਾਇਡ ਦੀ ਮੌਤ ਨਾਲ ਮਿਨੀਪੋਲਿਸ ਅਤੇ ਹੋਰ ਕਈ ਸ਼ਹਿਰਾਂ ’ਚ ਹਿੰਸਕ ਪ੍ਰਦਰਸ਼ਨ ਹੋਏ ਸਨ ਅਤੇ ਪੁਲੀਸ ਸਟੇਸ਼ਨ ਸਮੇਤ ਕਈ ਇਮਾਰਤਾਂ ਨੂੰ ਸਾੜਿਆ ਗਿਆ ਸੀ। ਚਉਵਿਨ ’ਤੇ ਹੱਤਿਆ ਦਾ ਦੋਸ਼ ਲੱਗਾ ਹੈ ਅਤੇ ਉਸ ਖ਼ਿਲਾਫ਼ 8 ਮਾਰਚ ਤੋਂ ਮੁਕੱਦਮਾ ਸ਼ੁਰੂ ਹੋਣਾ ਹੈ। ਸ਼ਹਿਰ ’ਚ ਇਹਤਿਆਤ ਵਜੋਂ ਅਹਿਮ ਇਮਾਰਤਾਂ ਨੇੜੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
-ਏਪੀ