ਨਿਊ ਯਾਰਕ, 29 ਜੂਨ
ਇਕ ਉੱਘੇ ਸਮਾਜਿਕ ਕਾਰਕੁਨ ਨੇ ਭਾਰਤੀ ਅਥਾਰਿਟੀਜ਼ ਨੂੰ ਅਪੀਲ ਕੀਤੀ ਹੈ ਕਿ ਅਮਰੀਕੀ ਪਾਸਪੋਰਟ ਧਾਰਕ ਭਾਰਤੀ ਮੂਲ ਦੇ ਲੋਕਾਂ, ਜਿਨ੍ਹਾਂ ਕੋਲ ਓਸੀਆਈ (ਵਿਦੇਸ਼ ਰਹਿੰਦੇ ਭਾਰਤੀ ਨਾਗਰਿਕ) ਕਾਰਡ ਨਹੀਂ ਹੈ, ਨੂੰ ਜੇਕਰ ਪਰਿਵਾਰ ’ਚ ਮੈਡੀਕਲ ਐਮਰਜੈਂਸੀ ਦੀ ਸੂਰਤ ਵਿੱਚ ਭਾਰਤ ਵਾਪਸ ਜਾਣਾ ਪੈਂਦਾ ਹੈ ਤਾਂ ਇਸ ਪੂਰੇ ਅਮਲ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇ।
ਜੈਪੁਰ ਫੂਟ ਯੂਐੱਸਏ ਦੇ ਚੇਅਰਮੈਨ ਪ੍ਰੇਮ ਭੰਡਾਰੀ, ਜਿਨ੍ਹਾਂ ਕੋਵਿਡ-19 ਮਹਾਮਾਰੀ ਦਰਮਿਆਨ ਅਮਰੀਕਾ ਵਿੱਚ ਫਸੇ ਕਈ ਭਾਰਤੀਆਂ ਨੂੰ ਵਾਪਸ ਭੇਜਣ ’ਚ ਮਦਦ ਕੀਤੀ ਹੈ, ਨੇ ਗ੍ਰਹਿ ਸਕੱਤਰ ਅਜੈ ਭੱਲਾ ਨੂੰ ਇਕ ਪੱਤਰ ਲਿਖਿਆ ਹੈ। ਉਨ੍ਹਾਂ ਪੱਤਰ ਵਿੱਚ ਗੁਜ਼ਾਰਿਸ਼ ਕੀਤੀ ਕਿ ਭਾਰਤੀ ਮੂਲ ਦੇ ਮੁਸਾਫ਼ਰਾਂ, ਜਿਨ੍ਹਾਂ ਕੋਲ ਵਿਦੇਸ਼ੀ ਪਾਸਪੋਰਟ ਹੈ ਤਾਂ ਪਰ ਓਸੀਆਈ ਕਾਰਡ ਨਹੀਂ, ਨੂੰ ਮਹਾਮਾਰੀ ਦੌਰਾਨ ਭਾਰਤ ਦੀ ਯਾਤਰਾ ਕਰਨ ਦੀ ਖੁੱਲ੍ਹ ਦਿੰਦਿਆਂ ਲੋੜੀਂਦਾ ਯਾਤਰਾ ਪ੍ਰਬੰਧ ਕੀਤਾ ਜਾਵੇ। ਭਾਰਤ ਸਰਕਾਰ ਨੇ ਮਈ ਵਿੱਚ ਕੁਝ ਕੁ ਵਰਗਾਂ ਨੂੰ ਛੱਡ ਕੇ ਵਿਦੇਸ਼ ਨਾਗਰਿਕਾਂ ਨੂੰ ਦਿੱਤੇ ਸਾਰੇ ਮੌਜੂਦਾ ਵੀਜ਼ੇ ਮੁਅੱਤਲ ਕਰ ਦਿੱਤੇ ਸਨ। ਸਰਕਾਰ ਨੇ ਹਾਲਾਂਕਿ ਵਿਦੇਸ਼ਾਂ ’ਚ ਫਸੇ ਓਸੀਆਈ ਕਾਰਡ ਧਾਰਕਾਂ ਦੇ ਕੁਝ ਵਰਗਾਂ ਨੂੰ ਦੇਸ਼ ਵਿੱਚ ਵਾਪਸ ਆਉਣ ਦੀ ਖੁੱਲ੍ਹ ਦਿੱਤੀ ਸੀ।
-ਪੀਂਟੀਆਈ