ਕੋਲੰਬੋ, 23 ਜੂਨ
ਭਾਰਤ ਦੇ ਵਿਦੇਸ਼ ਸਕੱਤਰ ਵਿਨੈ ਕਵਾਤਰਾ ਦੀ ਅਗਵਾਈ ਵਾਲੇ ਇਕ ਚਾਰ ਮੈਂਬਰੀ ਵਫ਼ਦ ਵੱਲੋਂ ਅੱਜ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਸਣੇ ਸ੍ਰੀਲੰਕਾ ਦੇ ਚੋਟੀ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਵਫ਼ਦ ਨੇ ਕਿਹਾ ਕਿ ਨਿਵੇਸ਼, ਸੰਪਰਕ ਨੂੰ ਬੜ੍ਹਾਵਾ ਦੇ ਕੇ ਅਤੇ ਆਰਥਿਕ ਸਬੰਧ ਮਜ਼ਬੂਤ ਕਰ ਕੇ, ਫ਼ੌਰੀ ਆਰਥਿਕ ਮਜ਼ਬੂਤੀ ਲਈ ਸ੍ਰੀਲੰਕਾ ਦੀ ਹਰ ਤਰ੍ਹਾਂ ਮਦਦ ਕਰਨ ਲਈ ਭਾਰਤ ਹਮੇਸ਼ਾ ਤਿਆਰ ਖੜ੍ਹਾ ਹੈ।
ਵਫ਼ਦ ਵੱਲੋਂ ਪਹਿਲਾਂ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਨਾਲ ਮੁਲਾਕਾਤ ਕੀਤੀ ਗਈ। ਨਿਊਜ਼ਫਰਸਟ.ਆਈਕੇ ਵੈੱਬਸਾਈਟ ਦੀ ਖ਼ਬਰ ਅਨੁਸਾਰ ਕਵਾਤਰਾ ਨੇ ਰਾਜਪਕਸੇ ਨੂੰ ਕਿਹਾ ਕਿ ਮਾੜੇ ਹਾਲਾਤ ’ਚੋਂ ਨਿਕਲਣ ਲਈ ਭਾਰਤ ਇਕ ਨੇੜਲੇ ਦੋਸਤ ਦੇ ਰੂਪ ਵਿੱਚ ਸ੍ਰੀਲੰਕਾ ਨੂੰ ਪੂਰਾ ਸਹਿਯੋਗ ਦਿੰਦਾ ਰਹੇਗਾ। ਸ੍ਰੀਲੰਕਾਈ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਵਫ਼ਦ ਵਿੱਚ ਵਿਦੇਸ਼ ਸਕੱਤਰ ਦੇ ਨਾਲ ਭਾਰਤੀ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਬਾਰੇ ਵਿਭਾਗ ਦੇ ਸਕੱਤਰ ਅਜੈ ਸੇਠ, ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਡਾ. ਵੀ ਅਨੰਤ ਨਾਗੇਸ਼ਵਰਨ ਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਹਿੰਦ ਮਹਾਸਾਗਰ ਖਿੱਤੇ ਦੇ ਜੁਆਇੰਟ ਸਕੱਤਰ ਕਾਰਤਿਕ ਪਾਂਡੇ ਵੀ ਸ਼ਾਮਲ ਸਨ।
ਖ਼ਬਰ ਅਨੁਸਾਰ ਵਫ਼ਦ ਨੇ ਤੇਲ, ਦਵਾਈਆਂ, ਖਾਦਾਂ ਅਤੇ ਹੋਰ ਜ਼ਰੂਰੀ ਵਸਤਾਂ ਵਿੱਚ ਪਹਿਲਾਂ ਦਿੱਤੀ ਗਈ ਸਹਾਇਤਾ ਦੀ ਸਮੀਖਿਆ ਕੀਤੀ ਅਤੇ ਕਿਹਾ ਕਿ ਭਾਰਤ ਸਰਕਾਰ ਸ੍ਰੀਲੰਕਾ ਦਾ ਸਮਰਥਨ ਕਰਨ ਲਈ ਵਚਨਬੱਧ ਹੈ। ਵਫ਼ਦ ਨੇ ਪ੍ਰਧਾਨ ਮੰਤਰੀ ਰਨੀਲ ਵਿਕਰਘਸਿੰਘੇ ਨਾਲ ਵੀ ਮੁਲਾਕਾਤ ਕੀਤੀ ਅਤੇ ਸ੍ਰੀਲੰਕਾ ਦੇ ਆਰਥਿਕ ਹਾਲਾਤ ਬਾਰੇ ਚਰਚਾ ਕੀਤੀ। -ਪੀਟੀਆਈ