ਇਸਲਾਮਾਬਾਦ, 18 ਅਗਸਤ
ਪਾਕਿਸਤਾਨ ਸਰਕਾਰ ਨੇ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ’ਤੇ ਦੇਸ਼ ’ਚ ਅਰਾਜਕਤਾ ਫੈਲਾਉਣ ਲਈ ਆਈਐੱਸਆਈ ਦੇ ਸਾਬਕਾ ਮੁਖੀ ਫੈਜ਼ ਹਮੀਦ ਤੇ ਹੋਰਨਾਂ ਨਾਲ ਰਲ ਕੇ ਸਿਆਸੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਹੈ। ਮੀਡੀਆ ਦੀਆਂ ਖ਼ਬਰਾਂ ’ਚ ਇਹ ਜਾਣਕਾਰੀ ਦਿੱਤੀ ਗਈ।
ਅਖ਼ਬਾਰ ‘ਐਕਸਪ੍ਰੈੱਸ ਟ੍ਰਿਬਊਨ’ ਦੀ ਖ਼ਬਰ ਮੁਤਾਬਕ ਸੂਚਨਾ ਮੰਤਰੀ ਅਤਾਉਲ੍ਹਾ ਤਾਰੜ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੰਸਥਾਪਕ ਦੇਸ਼ ’ਚ ਅਸ਼ਾਂਤੀ ਫੈਲਾ ਰਹੇ ਸਨ ਅਤੇ ਆਈਐੱਸਆਈ ਦੇ ਮੁਖੀ ਲੈਫਟੀਨੈਂਟ ਜਨਰਲ (ਸੇਵਾਮੁਕਤ) ਇਸ ਸਾਜ਼ਿਸ਼ ਦਾ ਹਿੱਸਾ ਸਨ। ਹਮੀਦ ਨੇ 2019 ਤੋਂ 2021 ਤੱਕ ਇੰਟਰ ਸਰਵਿਸਿਜ਼ ਇਟੈਲੀਜੈਂਸ (ਆਈਐੱਸਆਈ) ਦੇ ਡਾਇਰੈਕਟਰ ਜਨਰਲ ਵਜੋਂ ਸੇਵਾਵਾਂ ਨਿਭਾਈਆਂ ਹਨ ਜਦੋਂ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਸਨ। ਫੈਜ਼ ਹਮੀਦ ਨੂੰ ਅਧਿਕਾਰਤ ਅਧਿਕਾਰ ਦੀ ਕਥਿਤ ਦੁਰਵਰਤੋਂ ਦੇ ਦੋਸ਼ ਹੇਠ ਇੱਕ ਨਿੱਜੀ ਪ੍ਰਾਪਰਟੀ ਡਿਵੈੱਪਲਰ ਦੀ ਸ਼ਿਕਾਇਤ ’ਤੇ ਕਾਰਵਾਈ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਮਗਰੋਂ ਹਮੀਦ ਦੇ ਕੋਰਟ ਮਾਰਸ਼ਲ ਦੇ ਸਬੰਧ ’ਚ ਤਿੰਨ ਸੇਵਾਮੁਕਤ ਫੌਜੀ ਅਧਿਕਾਰੀਆਂ ਸਣੇ ਕਈ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ‘ਡਾਅਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਤਾਰੜ ਨੇ ਲੰਘੇ ਦਿਨ ਪ੍ਰੈੱਸ ਕਾਨਫਰੰਸ ’ਚ ਸੰਕੇਤ ਦਿੱਤੇ ਕਿ ਅਗਾਮੀ ਦਿਨਾਂ ’ਚ ਲੈਫਟੀਨੈਂਟ ਜਨਰਲ (ਸੇਵਾਮੁਕਤ) ਹਮੀਦ ਤੇ ਉਸ ਦੇ ਹੋਰ ‘ਸਹਿ-ਸਾਜ਼ਿਸ਼ਘਾੜਿਆਂ’ ਖ਼ਿਲਾਫ਼ ਜਾਂਚ ਦਾ ਘੇਰਾ ਵਧਾਇਆ ਜਾਵੇਗਾ।
ਤਾਰੜ ਮੁਤਾਬਕ ਹਮੀਦ ਦੀ ਗ੍ਰਿਫ਼ਤਾਰੀ ਦੇ ਮੱਦੇਨਜ਼ਰ ਫੌਜ ਨੇ ਪਾਰਦਰਸ਼ੀ ਜਾਂਚ ਕੀਤੀ ਕਿਉਂਕਿ ਉਸ ਕੋਲ ਅੰਦਰੂਨੀ ਜਵਾਬਦੇਹੀ ਦੀ ਆਪਣੀ ਪ੍ਰਣਾਲੀ ਹੈ। ਗ੍ਰਿਫ਼ਤਾਰੀਆਂ ਦਾ ਹਵਾਲਾ ਦਿੰਦਿਆਂ ਸੂਚਨਾ ਮੰਤਰੀ ਨੇ ਦਾਅਵਾ ਕੀਤਾ ਕਿ ਖ਼ਾਨ ਨੇ ਇਨ੍ਹਾਂ ਲੋਕਾਂ ਨਾਲ ਮਿਲ ਕੇ ਦੇਸ਼ ’ਚ ਅਰਾਜਕਤਾ ਫੈਲਾਉਣ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਕਿਹਾ, ‘‘ਇਹ ਪੀਟੀਆਈ ਮੁਖੀ ਦਾ ਸਿਆਸੀ ਗੱਠਜੋੜ ਸੀ, ਜਿਸ ਵਿੱਚ ਜਨਰਲ ਫੈਜ਼ ਅਤੇ ਹੋਰ ਸਹਿਯੋਗੀ ਸ਼ਾਮਲ ਸਨ। -ਪੀਟੀਆਈ