ਕੋਲੰਬੋ: ਸ੍ਰੀਲੰਕਾ ਦੇ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਮੁਲਕ ਦੇ ਵਿੱਤੀ ਸੰਕਟ ਲਈ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ, ਉਨ੍ਹਾਂ ਦੇ ਭਰਾ ਤੇ ਵਿੱਤ ਮੰਤਰੀ ਅਤੇ ਉੱਚ ਅਧਿਕਾਰੀ ਜ਼ਿੰਮੇਵਾਰ ਹਨ ਜਿਨ੍ਹਾਂ ਕਾਰਨ ਮੁਲਕ ਦੀਵਾਲੀਆ ਹੋਣ ਕਿਨਾਰੇ ਪਹੁੰਚ ਗਿਆ ਹੈ। ਸੁਪਰੀਮ ਕੋਰਟ ਦੇ ਪੰਜ ਮੈਂਬਰੀ ਬੈਂਚ ਨੇ ਦੇਸ਼ ਤੋਂ ਭੱਜ ਚੁੱਕੇ ਸਾਬਕਾ ਰਾਸ਼ਟਰਪਤੀ, ਉਨ੍ਹਾਂ ਦੇ ਦੋ ਭਰਾਵਾਂ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸਾ ਅਤੇ ਵਿੱਤ ਮੰਤਰੀ ਬਾਸਿਲ ਰਾਜਪਕਸਾ, ਸੈਂਟਰਲ ਬੈਂਕ ਦੇ ਸਾਬਕਾ ਗਵਰਨਰ, ਸਾਬਕਾ ਖ਼ਜ਼ਾਨਾ ਸਕੱਤਰ ਵੱਲੋਂ ਦੇਸ਼ ਦੀ ਸੰਭਾਲ ਸਹੀ ਢੰਗ ਨਾਲ ਨਾ ਕਰਨ ਨੂੰ ਲੋਕਾਂ ਦੇ ਭਰੋਸੇ ਤੇ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਾ ਕਰਾਰ ਦਿੱਤਾ। ਭ੍ਰਿਸ਼ਟਾਚਾਰ ’ਤੇ ਜਨਤਕ ਨਿਗਰਾਨੀ ਰੱਖਣ ਵਾਲੇ ਕਈ ਅਕਾਦਮੀਸ਼ੀਅਨਾਂ, ਸਮਾਜਿਕ ਅਧਿਕਾਰਾਂ ਬਾਰੇ ਕਾਰਕੁਨਾਂ ਨੇ ਕਈ ਲੋਕ ਹਿੱਤ ਪਟੀਸ਼ਨਾਂ ਦਾਇਰ ਕਰਕੇ ਆਰਥਿਕ ਸੰਕਟ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦਾ ਸੱਦਾ ਦਿੱਤਾ ਸੀ। -ਆਈਏਐੱਨਐੱਸ