ਕੋਲੰਬੋ, 26 ਜੁਲਾਈ
ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਕਿਤੇ ਲੁਕੇ ਹੋਏ ਨਹੀਂ ਹਨ ਤੇ ਉਨ੍ਹਾਂ ਦੇ ਸਿੰਗਾਪੁਰ ਤੋਂ ਵਾਪਸ ਆਉਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਕੈਬਨਿਟ ਦੇ ਬੁਲਾਰੇ ਬਾਂਦੁਲਾ ਗੁਨਾਵਰਧਨਾ ਨੇ ਦਿੱਤੀ। ਰਾਜਪਕਸੇ (73) 9 ਜੁਲਾਈ ਦੇ ਘਟਨਾਕ੍ਰਮ ਮਗਰੋਂ ਸ੍ਰੀਲੰਕਾ ਛੱਡਕੇ ਭੱਜ ਗਏ ਸਨ। ਪਹਿਲਾਂ ਉਹ 13 ਜੁਲਾਈ ਨੂੰ ਮਾਲਦੀਵ ਗਏ ਤੇ ਉੱਥੋਂ ਅਗਲੇ ਦਿਨ ਸਿੰਗਾਪੁਰ ਚਲੇ ਗਏ। ਹਫ਼ਤਾਵਾਰੀ ਕੈਬਨਿਟ ਮੀਡੀਆ ਕਾਨਫਰੰਸ ਮੌਕੇ ਸ੍ਰੀ ਰਾਜਪਕਸੇ ਬਾਰੇ ਪੁੱਛੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਸ੍ਰੀ ਗੁਨਾਵਰਧਨਾ ਨੇ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਛਿਪੇ ਹੋਏ ਨਹੀਂ ਹਨ ਤੇ ਉਨ੍ਹਾਂ ਦੇ ਸਿੰਗਾਪੁਰ ਤੋਂ ਮੁੜਨ ਦੀ ਸੰਭਾਵਨਾ ਹੈ। ਸ੍ਰੀ ਗੁਨਾਵਰਧਨਾ ਨੇ ਕਿਹਾ ਕਿ ਉਨ੍ਹਾਂ ਦਾ ਇਸ ਗੱਲ ’ਚ ਯਕੀਨ ਨਹੀਂ ਹੈ ਕਿ ਸਾਬਕਾ ਰਾਸ਼ਟਰਪਤੀ ਮੁਲਕ ਛੱਡ ਕੇ ਭੱਜੇ ਸਨ ਤੇ ਕਿਤੇ ਲੁਕੇ ਹੋਏ ਹਨ। ਹਾਲਾਂਕਿ ਉਨ੍ਹਾਂ ਰਾਜਪਕਸੇ ਦੀ ਸੰਭਾਵਿਤ ਵਾਪਸੀ ਸਬੰਧੀ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਸਿੰਗਾਪੁਰ ਨੇ ਸਾਬਕਾ ਰਾਸ਼ਟਰਪਤੀ ਨੂੰ ਮੁਲਕ ’ਚ 14 ਜੁਲਾਈ ਨੂੰ ਨਿੱਜੀ ਯਾਤਰਾ ’ਤੇ ਦਾਖ਼ਲ ਹੋਣ ਵੇਲੇ 14 ਦਿਨਾ ਦੀ ਮਿਆਦ ਵਾਲਾ ਵਿਜ਼ਟ ਪਾਸ ਦਿੱਤਾ ਸੀ। ਇਸ ਤੋਂ ਪਹਿਲਾਂ ਸਿੰਗਾਪੁਰ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਸੀ ਕਿ ਰਾਜਪਕਸੇ ਨੇ ਸ਼ਰਨ ਦੀ ਮੰਗ ਨਹੀਂ ਕੀਤੀ ਹੈ ਤੇ ਨਾ ਹੀ ਉਨ੍ਹਾਂ ਨੂੰ ਸ਼ਰਨ ਦਿੱਤੀ ਗਈ ਹੈ। ‘ਡੇਲੀ ਮਿਰਰ’ ਅਖ਼ਬਾਰ ਮੁਤਾਬਕ ਸਿੰਗਾਪੁਰ ਦੇ ਅਟਾਰਨੀ ਜਨਰਲ ਨੂੰ ਸਾਬਕਾ ਰਾਸ਼ਟਰਪਤੀ ਨੂੰ ਨਜ਼ਰਬੰਦ ਕਰਨ ਸਬੰਧੀ ਕੀਤੀ ਗਈ ਗੁਜ਼ਾਰਿਸ਼ ਸਬੰਧੀ ਪੁੱਛੇ ਸੁਆਲ ਦਾ ਜੁਆਬ ਦਿੰਦਿਆਂ ਸ੍ਰੀ ਗੁਨਾਵਰਧਨਾ ਨੇ ਕਿਹਾ ਕਿ ਜੇਕਰ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਮੁਲਕ ’ਚ ਜ਼ਿੰਮੇਵਾਰ ਅਧਿਕਾਰੀ ਇਹ ਗੱਲ ਯਕੀਨੀ ਬਣਾਉਣ ਲਈ ਕਦਮ ਚੁੱਕਣਗੇ ਕਿ ਸਾਬਕਾ ਰਾਸ਼ਟਰਪਤੀ ਨੂੰ ਕੋਈ ਨੁਕਸਾਨ ਨਾ ਪੁੱਜੇ। -ਪੀਟੀਆਈ
ਮੋਦੀ ਨੇ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਵਿਕਰਮਸਿੰਘੇ ਨੂੰ ਵਧਾਈ ਦਿੱਤੀ
ਕੋਲੰਬੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਭਾਰਤ ਲੋਕਤੰਤਰਿਕ ਸਾਧਨਾਂ ਰਾਹੀਂ ਸਥਿਰਤਾ ਅਤੇ ਆਰਥਿਕ ਸੁਧਾਰ ਲਈ ਇਸ ਮੁਲਕ ਦੇ ਲੋਕਾਂ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਜਾਰੀ ਰੱਖੇਗਾ। ਭਾਰਤੀ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਸਦ ਮੈਂਬਰਾਂ ਵੱਲੋਂ ਚੁਣੇ ਜਾਣ ਬਾਅਦ ਵਿਕਰਮਸਿੰਘ (73) ਨੇ ਵੀਰਵਾਰ ਨੂੰ ਸ੍ਰੀਲੰਕਾ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ ਸੀ। ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਵਿਕਰਮਸਿੰਘੇ ਨੂੰ ਉਨ੍ਹਾਂ ਦੀ ਚੋਣ ਹੋਣ ’ਤੇ ਵਧਾਈ ਪੱਤਰ ਭੇਜਿਆ ਹੈ। , ਜਿਸ ਵਿੱਚ ਪ੍ਰਧਾਨ ਮੰਤਰੀ ਨੇ ਦੁਹਰਾਇਆ ਹੈ ਕਿ ਭਾਰਤ ਸਥਾਪਤ ਲੋਤੰਤਰਿਕ ਸਾਧਨਾਂ, ਸੰਸਥਾਵਾਂ ਅਤੇ ਸੰਵਿਧਾਨਕ ਢਾਂਚੇ ਰਾਹੀਂ ਸਥਿਰਤਾ ਅਤੇ ਆਰਥਿਕ ਸੁਧਾਰ ਲਈ ਸ੍ਰੀਲੰਕਾ ਦੇ ਲੋਕਾਂ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਰਹੇਗਾ। -ਏਜੰਸੀ
ਸ੍ਰੀਲੰਕਾ ਦੀ ਸੰਸਦ ਦਾ ਪਹਿਲਾ ਸੈਸ਼ਨ ਅੱਜ
ਕੋਲੰਬੋ: ਸ੍ਰੀਲੰਕਾ ਦੀ ਸੰਸਦ ਦਾ ਪਹਿਲਾ ਸੈਸ਼ਨ ਭਲਕੇ ਬੁੱਧਵਾਰ ਨੂੰ ਮੁਲਕ ਦੇ ਨਵੇਂ ਰਾਸ਼ਟਰਪਤੀ ਰਨਿਲ ਵਿਕਰਮਾਸਿੰਘੇ ਦੇ ਪ੍ਰਧਾਨਗੀ ਹੇਠ ਹੋਵੇਗਾ। ਸਰਕਾਰੀ ਐਲਾਨ ਮੁਤਾਬਕ ਇਸ ਮੌਕੇ ਮੁਲਕ ਵਿੱਚ ਫੈਲੀ ਸਮਾਜਿਕ ਅਸ਼ਾਂਤੀ ਨੂੰ ਠੱਲ ਪਾਉਣ ਲਈ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਲਾਗੂ ਐਮਰਜੈਂਸੀ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਸ੍ਰੀ ਵਿਕਰਮਾਸਿੰਘੇ ਨੇ 17 ਜੁਲਾਈ ਨੂੰ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਵੱਲੋਂ ਸ੍ਰੀਲੰਕਾ ਛੱਡਕੇ ਭੱਜਣ ਮਗਰੋਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ। ਸੰਸਦ ਵੱਲੋਂ ਵਿਕਰਮਾਸਿੰਘੇ ਨੂੰ ਰਾਜਪਕਸੇ ਮਗਰੋਂ ਮੁਲਕ ਦਾ ਉੱਤਰਾਧਿਕਾਰੀ ਚੁਣਿਆ ਗਿਆ ਸੀ, ਜਿਨ੍ਹਾਂ ਸਿੰਗਾਪੁਰ ਪੁੱਜਣ ਮਗਰੋਂ ਅਸਤੀਫ਼ਾ ਦੇ ਦਿੱਤਾ ਸੀ। -ਪੀਟੀਆਈ
ਤਾਮਿਲਨਾਡੂ ਵੱਲੋਂ ਸ੍ਰੀਲੰਕਾ ਨੂੰ ਰਾਹਤ ਸਮੱਗਰੀ ਦੀ ਤੀਜੀ ਖੇਪ ਭੇਟ
ਭਾਰਤ ਨੇ ਸ੍ਰੀਲੰਕਾ ਨੂੰ ਤਾਮਿਲਨਾਡੂ ਸਰਕਾਰ ਵੱਲੋਂ ਦਾਨ ਕੀਤੀ ਗਈ ਚੌਲਾਂ ਤੇ ਦਵਾਈਆਂ ਆਦਿ ਦੀ ਰਾਹਤ ਸਮੱਗਰੀ ਦੀ ਤੀਜੀ ਖੇਪ ਸੌਂਪੀ ਹੈ। ਭਾਰਤ ਦੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਇਹ ਰਾਹਤ ਸਮੱਗਰੀ ਸ੍ਰੀਲੰਕਾ ਦੇ ਲੋਕਾਂ ਨੂੰ ਵਿਦੇਸ਼ ਮੰਤਰੀ ਅਲੀ ਸਾਬਰੀ ਤੇ ਸਿਹਤ ਤੇ ਜਲ ਸਪਲਾਈ ਮੰਤਰੀ ਕੇਹੇਲੀਆ ਰਾਮਬੁਕਵੈਲਾ ਨੂੰ ਸੌਂਪੀ। ਹਾਈ ਕਮਿਸ਼ਨ ਨੇ ਦੱਸਿਆ,‘ਭਾਰਤ ਸਰਕਾਰ ਤੇ ਲੋਕ ਸ੍ਰੀਲੰਕਾ ਦੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਭਾਰਤ ਦੇ ਹਾਈ ਕਮਿਸ਼ਨਰ ਨੇ ਇੱਥੇ ਤਾਮਿਲਨਾਡੂ ਸਰਕਾਰ ਵੱਲੋਂ ਦਾਨ ਕੀਤੀ ਗਈ 3.4 ਬਿਲੀਅਨ ਸ੍ਰੀਲੰਕਾਈ ਰੁਪਏ ਤੋਂ ਵੱਧ ਦੀ ਕੀਮਤ ਦੀ ਰਾਹਤ ਸਮੱਗਰੀ ਸੌਂਪੀ ਹੈ।’ ਸ੍ਰੀਲੰਕਾ ਨੂੰ ਲਗਪਗ 40,000 ਮੀਟਰਿਕ ਚੌਲ, 500 ਮੀਟਰਿਕ ਦੁੱਧ ਪਾਊਡਰ ਤੇ 100 ਮੀਟਰਿਕ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਦੌਰਾਨ ਭਾਰਤੀ ਮੂਲ ਦੇ ਸ੍ਰੀਲੰਕਾ ਵਾਸੀ ਤਾਮਿਲ ਭਾਈਚਾਰੇ ਦੇ ਆਗੂ ਜੀਵਨ ਥੋਂਡਾਮਨ ਨੇ ਤਾਮਿਲਨਾਡੂ ਦੇ ਲੋਕਾਂ ਤੇ ਸੂਬੇ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਵੀ ਰਾਹਤ ਸਮੱਗਰੀ ਦੀਆਂ ਖੇਪਾਂ ਭੇਜੀਆਂ ਜਾ ਰਹੀਆਂ ਹਨ। -ਪੀਟੀਆਈ