ਕੋਲੰਬੋ, 2 ਸਤੰਬਰ
ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਸ਼ਨਿਚਰਵਾਰ ਨੂੰ ਦੇਸ਼ ਪਰਤਣਗੇ। ਸ੍ਰੀਲੰਕਾ ਵਿੱਚ ਆਰਥਿਕ ਸੰਕਟ ਨਾਲ ਨਜਿੱਠਣ ’ਚ ਨਾਕਾਮ ਰਹਿਣ ’ਤੇ ਤਤਕਾਲੀ ਰਾਸ਼ਟਰਪਤੀ ਗੋਟਾਬਾਯਾ ਤੋਂ ਅਸਤੀਫ਼ੇ ਦੀ ਮੰਗ ਸਬੰਧੀ ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੌਰਾਨ ਗੋਟਾਬਾਯਾ 13 ਜੁਲਾਈ ਨੂੰ ਦੇਸ਼ ਛੱਡ ਕੇ ਭੱਜ ਗਏ ਸਨ। ਦੇਸ਼ ਛੱਡਣ ਮਗਰੋਂ ਰਾਜਪਕਸੇ ਮਾਲਦੀਵ ਗਏ, ਜਿੱਥੋਂ ਉਹ ਅੱਗੇ ਸਿੰਗਾਪੁਰ ਚਲੇ ਗਏ। ਰਾਜਪਕਸੇ ਦੀ ਸ੍ਰੀਲੰਕਾ ਪੋਡੁਜਾਨਾ ਪੇਰਾਮੁਨਾ (ਐੱਸਐੱਲਪੀਪੀ) ਪਾਰਟੀ ਦੇ ਸੰਸਦ ਮੈਂਬਰ ਜਗਤ ਕੁਮਾਰ ਨੇ ਸਾਬਕਾ ਆਗੂ ਦੀ ਵਾਪਸੀ ਦਾ ਸਵਾਗਤ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਨੂੰ ਦੇਸ਼ ਨਹੀਂ ਛੱਡਣਾ ਚਾਹੀਦਾ ਸੀ ਪਰ ਉਹ ਸ੍ਰੀਲੰਕਾ ਰਹਿੰਦਿਆਂ ਹੋਇਆ ਆਪਣਾ ਅਸਤੀਫ਼ਾ ਦੇ ਸਕਦੇ ਸੀ। ਇਸ ਤੋਂ ਪਹਿਲਾਂ ਮੌਜੂਦਾ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਕਿਹਾ ਸੀ ਕਿ ਰਾਜਪਕਸੇ ਲਈ ਦੇਸ਼ ਪਰਤਣਾ ਸੁਰੱਖਿਅਤ ਨਹੀਂ ਹੈ। -ਆਈਏਐੱਨਐੱਸ