ਕੋਲੰਬੋ, 16 ਸਤੰਬਰ
ਸ੍ਰੀਲੰਕਾ ਦੀ ਅਦਾਲਤ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੂੰ 2019 ਵਿੱਚ ਈਸਟਰ ਡੇਅ ਮੌਕੇ ਹੋਏ ਧਮਾਕਿਆਂ ਦੇ ਮਾਮਲੇ ਵਿੱਚ ਅੱਜ ਮਸ਼ਕੂਕ ਵਜੋਂ ਨਾਮਜ਼ਦ ਕੀਤਾ ਹੈ। ਇਨ੍ਹਾਂ ਹਮਲਿਆਂ ਵਿੱਚ 11 ਭਾਰਤੀਆਂ ਸਣੇ ਕੁੱਲ 270 ਲੋਕਾਂ ਦੀ ਜਾਨ ਜਾਂਦੀ ਰਹੀ ਸੀ। ਕੋਲੰਬੋ ਫੋਰਟ ਦੀ ਮੈਜਿਸਟਰੇਟੀ ਕੋਰਟ ਨੇ ਆਪਣੇ ਫੈਸਲੇ ਵਿੱਚ ਸਿਰੀਸੇਨਾ ’ਤੇ ਹਮਲਿਆਂ ਤੇ ਬੰਬ ਧਮਾਕਿਆਂ ਸਬੰਧੀ ਖੁਫ਼ੀਆ ਰਿਪੋਰਟ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ। ਅਦਾਲਤ ਨੇ 71 ਸਾਲਾ ਸਿਰੀਸੇਨਾ ਨੂੰ 14 ਅਕਤੂੁਬਰ ਨੂੰ ਪੇਸ਼ ਹੋਣ ਦੇ ਹੁਕਮ ਕੀਤੇ ਹਨ। ਸਿਰੀਸੇਨਾ ’ਤੇ ਦੋਸ਼ ਹੈ ਕਿ ਉਨ੍ਹਾਂ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨਾਲ ਸਿਆਸੀ ਵੱਖਰੇਵਿਆਂ ਕਰਕੇ ਹਮਲਿਆਂ ਦੀ ਚੇਤਾਵਨੀ ਨੂੰ ਨਜ਼ਰਅੰਦਾਜ਼ ਕੀਤਾ ਤੇ ਇਹਤਿਆਤੀ ਕਦਮ ਨਹੀਂ ਚੁੱਕੇ। ਇਸ ਤੋਂ ਪਹਿਲਾਂ ਇਕ ਜਾਂਚ ਕਮੇਟੀ ਨੇ ਵੀ ਸਾਬਕਾ ਰਾਸ਼ਟਰਪਤੀ ਨੂੰ ਹਮਲਿਆਂ ਲਈ ਜ਼ਿੰਮੇਵਾਰ ਦੱਸਿਆ ਸੀ। ਇਸ ਕਮੇਟੀ ਦਾ ਗਠਨ ਕੈਥੋਲਿਕ ਗਿਰਜਾਘਰ ਤੇ ਪੀੜਤਾਂ ਦੇ ਰਿਸ਼ਤੇਦਾਰਾਂ ਦੇ ਦਬਾਅ ਵਿਚ ਕੀਤਾ ਗਿਆ ਸੀ। -ਪੀਟੀਆਈ