ਕਾਠਮੰਡੂ: ਨੇਪਾਲ ਦੇ ਧਾਡਿੰਗ ਜ਼ਿਲ੍ਹੇ ’ਚ ਇਕ ਕਾਰ ਦੀ ਬੱਸ ਨਾਲ ਸਿੱਧੀ ਟੱਕਰ ਵਿਚ ਚਾਰ ਭਾਰਤੀ ਸੈਲਾਨੀ ਮਾਰੇ ਗਏ ਹਨ। ਹਾਦਸਾ ਐਤਵਾਰ ਰਾਤ ਠਾਕਰੇ ਇਲਾਕੇ ਵਿਚ ਪ੍ਰਿਥਵੀ ਹਾਈਵੇਅ ਉਤੇ ਵਾਪਰਿਆ। ਭਾਰਤੀ ਸੈਲਾਨੀ ਪੋਖਾਰਾ ਤੋਂ ਪਰਤ ਰਹੇ ਸਨ। ਮ੍ਰਿਤਕਾਂ ਦੀ ਸ਼ਨਾਖ਼ਤ ਬਿਮਲਚੰਦਰ ਅਗਰਵਾਲ (40), ਸਾਧਨਾ (35), ਸੰਧਿਆ (40) ਤੇ ਰਾਕੇਸ਼ ਅਗਰਵਾਲ (55) ਵਜੋਂ ਹੋਈ ਹੈ। ਇਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਹਸਪਤਾਲ ਵਿਚ ਇਲਾਜ ਦੌਰਾਨ ਇਨ੍ਹਾਂ ਦੀ ਮੌਤ ਹੋਈ ਹੈ। ਹਾਦਸੇ ਵਿਚ ਕਾਰ ਚਾਲਕ ਜੋ ਕਿ ਨੇਪਾਲ ਦਾ ਨਾਗਰਿਕ ਸੀ, ਦੀ ਵੀ ਮੌਤ ਹੋ ਗਈ ਹੈ। ਵੇਰਵਿਆਂ ਮੁਤਾਬਕ ਬੱਸ ਕਾਠਮੰਡੂ ਤੋਂ ਆ ਰਹੀ ਸੀ। ਨੇਪਾਲ ਵਿਚ ਸੜਕ ਹਾਦਸੇ ਕਾਫ਼ੀ ਹੁੰਦੇ ਹਨ ਕਿਉਂਕਿ ਜ਼ਿਆਦਾਤਰ ਮੁਲਕ ਵਿਚ ਉੱਚੇ ਪਹਾੜ ਹਨ ਤੇ ਸੜਕਾਂ ਤੰਗ ਹਨ। ਇਸ ਤੋਂ ਇਲਾਵਾ ਸੜਕਾਂ ਦੀ ਹਾਲਤ ਵੀ ਖ਼ਸਤਾ ਹੈ। -ਪੀਟੀਆਈ