ਸਿਨਸਿਨਾਟੀ (ਅਮਰੀਕਾ), 17 ਅਗਸਤ
ਅਮਰੀਕਾ ਦੇ ਸਿਨਸਿਨਾਟੀ ਸ਼ਹਿਰ ’ਚ ਲੰਘੀ ਰਾਤ ਕਈ ਥਾਵਾਂ ’ਤੇ ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ ਜਿਨ੍ਹਾਂ ’ਚ ਘੱਟ ਤੋਂ ਘੱਟ 18 ਵਿਅਕਤੀਆਂ ਨੂੰ ਗੋਲੀ ਵੱਜੀ ਹੈ ਤੇ ਇਨ੍ਹਾਂ ’ਚੋਂ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੁਲੀਸ ਨੇ ਇੱਕ ਬਿਆਨ ’ਚ ਦੱਸਿਆ ਕਿ ਐਵਨਡੇਲ ’ਚ ਸ਼ਨਿਚਰਵਾਰ ਦੀ ਅੱਧੀ ਰਾਤ ਤੋਂ ਬਾਅਦ ਕਰੀਬ ਸਾਢੇ 12 ਵਜੇ ਪੁਲੀਸ ਨੂੰ ਗੋਲੀਬਾਰੀ ਦੀ ਘਟਨਾ ਦੀ ਜਾਣਕਾਰੀ ਮਿਲੀ। ਉਹ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ 21 ਸਾਲਾ ਐਂਤੋਨੀਓ ਬਲੇਅਰ ਜ਼ਖ਼ਮੀ ਹਾਲਤ ’ਚ ਮਿਲਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਤਿੰਨ ਹੋਰ ਜ਼ਖ਼ਮੀਆਂ ਨੂੰ ਵੀ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਦੇਰ ਰਾਤ ਕਰੀਬ ਸਵਾ ਦੋ ਵਜੇ ਸ਼ਹਿਰ ਦੇ ਓਵਰ-ਦਿ-ਰਾਈਨ ਇਲਾਕੇ ’ਚ ਗੋਲੀਬਾਰੀ ਦੀ ਇੱਕ ਘਟਨਾ ’ਚ 10 ਵਿਅਕਤੀਆਂ ਨੂੰ ਗੋਲੀ ਵੱਜੀ ਜਿਸ ’ਚ ਇੱਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜੇ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਇਨ੍ਹਾ ਦੀ ਪਛਾਣ 34 ਸਾਲਾ ਰੌਬਰਟ ਰੌਜਰਸ ਤੇ 30 ਸਾਲਾ ਜੈਕੁਇਜ਼ ਗਰਾਂਟ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਨੇੜਲੇ ਵਾਲਨਟ ਹਿੱਲਜ਼ ’ਚ ਸ਼ਨਿੱਚਰਵਾਰ ਅੱਧੀ ਰਾਤ ਦੇ ਕਰੀਬ ਹੋਈ ਗੋਲੀਬਾਰੀ ’ਚ ਤਿੰਨ ਵਿਅਕਤੀਆਂ ਨੂੰ ਗੋਲੀ ਵੱਜੀ ਹੈ।
-ਏਪੀ
ਪੋਰਟਲੈਂਡ ਪੁਲੀਸ ਨੇ ਮੁਜ਼ਾਹਰਿਆਂ ਨੂੰ ਦੰਗੇ ਐਲਾਨਿਆ
ਪੋਰਟਲੈਂਡ: ਓਰੇਗਨ ਦੇ ਸਭ ਤੋਂ ਵੱਡੇ ਸ਼ਹਿਰ ’ਚ ਕਾਨੂੰਨ ਵਿਭਾਗ ਦੀ ਇਮਾਰਤ ਦੇ ਬਾਹਰ ਹੋ ਰਹੇ ਰੋਸ ਮੁਜ਼ਾਹਰਿਆਂ ਨੂੰ ਪੁਲੀਸ ਨੇ ਦੰਗੇ ਐਲਾਨ ਦਿੱਤਾ ਹੈ ਅਤੇ ਉੱਥੇ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਤਾਕਤ ਦੀ ਵਰਤੋਂ ਕੀਤੀ ਹੈ। ਪੁਲੀਸ ਵਿਭਾਗ ਨੇ ਟਵਿੱਟਰ ’ਤੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਪੱਥਰ, ਕੱਚ ਦੀਆਂ ਬੋਤਲਾਂ ਤੇ ਹੋਰ ਸਾਮਾਨ ਅਧਿਕਾਰੀਆਂ ’ਤੇ ਸੁੱਟਿਆ। ਵਿਭਾਗ ਨੇ ਦੱਸਿਆ ਕਿ ਸੁਰੱਖਿਆ ਕੈਮਰਿਆਂ ਨੂੰ ਪੇਂਟ ਕਰ ਦਿੱਤਾ ਗਿਆ ਅਤੇ ਭੰਨ ਤੋੜ ਵੀ ਕੀਤੀ ਗਈ ਅਤੇ ਪਥਰਾਅ ’ਚ ਜ਼ਖ਼ਮੀ ਹੋਏ ਦੋ ਅਧਿਕਾਰੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭੀੜ ਨੂੰ ਕਾਬੂ ਕਰਨ ਲਈ ਤਾਕਤ ਦੀ ਵਰਤੋਂ ਕੀਤੀ ਗਈ ਤੇ ਧੂੰਆਂ ਵੀ ਛੱਡਿਆ ਗਿਆ ਪਰ ਅੱਥਰੂ ਗੈਸ ਦੀ ਵਰਤੋਂ ਨਹੀਂ ਕੀਤੀ ਗਈ।
-ਏਪੀ