ਮਾਸਕੋ, 29 ਸਤੰਬਰ
ਕਰੈਮਲਿਨ ਨੇ ਕਿਹਾ ਹੈ ਕਿ ਯੂਕਰੇਨ ਦੇ ਚਾਰ ਖ਼ਿੱਤੇ ਸ਼ੁੱਕਰਵਾਰ ਨੂੰ ਰੂਸ ਨਾਲ ਮਿਲ ਜਾਣਗੇ। ਇਨ੍ਹਾਂ ਖ਼ਿੱਤਿਆਂ ਦੇ ਲੋਕਾਂ ਨੇ ਰਾਏਸ਼ੁਮਾਰੀ ’ਚ ਰੂਸ ਨਾਲ ਰਲਣ ਦੇ ਪੱਖ ’ਚ ਵੋਟ ਪਾਏ ਸਨ। ਕਰੈਮਲਿਨ ਤਰਜਮਾਨ ਦਮਿੱਤਰੀ ਪੇਸਕੋਵ ਨੇ ਕਿਹਾ ਕਿ ਸਮਾਗਮ ’ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਉਚੇਚੇ ਤੌਰ ’ਤੇ ਹਾਜ਼ਰ ਰਹਿਣਗੇ। ਪੇਸਕੋਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਾਰੋਂ ਖ਼ਿੱਤਿਆਂ ਦੇ ਮੁਖੀ ਰੂਸ ਨਾਲ ਰਲਣ ਲਈ ਸੰਧੀ ’ਤੇ ਦਸਤਖ਼ਤ ਕਰਨਗੇ। ਯੂਕਰੇਨ ਅਤੇ ਪੱਛਮੀ ਮੁਲਕਾਂ ਨੇ ਰਾਏਸ਼ੁਮਾਰੀ ਨੂੰ ਪਾਖੰਡ ਕਰਾਰ ਦਿੱਤਾ ਸੀ। -ਏਪੀ
ਸੈਂਕੜੇ ਯੂਕਰੇਨੀ ਬੱਚੇ ਰੂਸੀ ਕੈਂਪਾਂ ਵਿੱਚ ਫਸੇ
ਇਜ਼ੀਉਮ: ਯੂਕਰੇਨ ਦੇ ਖੁਫੀਆ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਜ਼ੀਉਮ ਤੋਂ 52 ਅਤੇ ਖਾਰਕੀਵ ਖੇਤਰ ਦੇ ਹੋਰਨਾਂ ਸ਼ਹਿਰਾਂ ਦੇ 250 ਤੋਂ ਵੱਧ ਬੱਚੇ ਜਿਨ੍ਹਾਂ ਦੀ ਉਮਰ 9 ਤੋਂ 16 ਸਾਲ ਵਿਚਾਲੇ ਹੈ, ਇਸ ਸਮੇਂ ਰੂਸ ਵਿਚਲੇ ਕੈਂਪਾਂ ’ਚ ਫਸੇ ਹੋਏ ਹਨ। ਇੱਕ ਸਥਾਨਕ ਅਧਿਆਪਕ ਜਿਸ ਦਾ 9 ਸਾਲਾ ਬੱਚਾ ਇਸ ਸਮੇਂ ਰੂਸ ਵਿੱਚ ਹੈ, ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਬੱਚਿਆਂ ਇੱਥੇ ਵਾਪਰਨ ਵਾਲੀ ਹਰ ਘਟਨਾ ਤੇ ਡਰ ਤੋਂ ਦੂਰ ਰੱਖਣਾ ਸੀ ਪਰ ਹੁਣ ਸਮੱਸਿਆ ਇਹ ਹੈ ਕਿ ਰੂਸ ਦੀ ਬੱਚਿਆਂ ਨੂੰ ਵਾਪਸ ਕਰਨ ਦੀ ਕੋਈ ਯੋਜਨਾ ਨਹੀਂ ਹੈ। ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਬੱਚੇ ਵਾਪਸ ਹਾਸਲ ਕਰਨ ਲਈ ਵਧੇਰੇ ਮਦਦ ਦੀ ਜ਼ਰੂਰਤ ਹੈ। -ਏਪੀ