ਪੈਰਿਸ, 19 ਜੂਨ
ਫਰਾਂਸ ਵਿੱਚ ਸੰਸਦੀ ਚੋਣਾਂ ਲਈ ਅੱਜ ਵੋਟਰਾਂ ਨੇ ਆਖ਼ਰੀ ਗੇੜ ਦੀਆਂ ਵੋਟਾਂ ਪਾਈਆਂ। ਇਹ ਚੋਣਾਂ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੀ ਪਾਰਟੀ ਲਈ ਬਹੁਤ ਅਹਿਮ ਮੰਨੀਆਂ ਜਾ ਰਹੀਆਂ ਹਨ ਕਿਉਂਕਿ ਚੋਣਾਂ ਵਿੱਚ ਬਹੁਮਤ ਮਿਲਣ ’ਤੇ ਹੀ ਪਾਰਟੀ ਦਾ ਘਰੇਲੂੁ ਏਜੰਡਾ ਲਾਗੂ ਹੋ ਸਕੇਗਾ। ਪਿਛਲੇ ਹਫ਼ਤੇ ਪਹਿਲੇ ਗੇੜ ਦੀਆਂ ਵੋਟਾਂ ਦੌਰਾਨ ਜਾਂ-ਲਯੂਕ ਮੇਲੇਨਚੋਨ ਦੀ ਅਗਵਾਈ ਹੇਠ ਖੱਬੇ ਪੱਖੀ ਧਿਰਾਂ ਨੇ ਪ੍ਰਦਰਸ਼ਨ ਕੀਤਾ ਸੀ, ਜਿਸ ਮਗਰੋਂ ਮੈਕਰੋਂ ਦੇ ਹਮਾਇਤੀਆਂ ਵਿੱਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਨੂੰ ਡਰ ਹੈ ਕਿ ਐਤਵਾਰ ਨੂੰ ਹੋ ਰਹੀ ਵੋਟਿੰਗ ਵਿੱਚ ਮੇਲੇਨਚੋਨ ਦੇ ਗੱਠਜੋੜ ਨੂੰ ਭਾਰੀ ਬਹੁਮਤ ਮਿਲਿਆ ਤਾਂ ਮੈਕਰੋਂ ਲਈ ਆਪਣੇ ਦੂਜੇ ਕਾਰਜਕਾਲ ਦੌਰਾਨ ਕੰਮ ਕਰਨਾ ਸੌਖਾ ਨਹੀਂ ਹੋਵੇਗਾ। ਫਰਾਂਸ ਸੰਸਦ ਦੀ ਨੈਸ਼ਨਲ ਅਸੈਂਬਲੀ ਦੇ 577 ਮੈਂਬਰਾਂ ਦੀ ਚੋਣ ਲਈ ਦੇਸ਼ ਭਰ ਵਿੱਚ ਵੋਟਿੰਗ ਹੋ ਰਹੀ ਹੈ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮੈਕਰੋਂ ਦਾ ਗੱਠਜੋੜ ਚੋਣਾਂ ਵਿੱਚ ਭਾਵੇਂ ਵਧੇਰੇ ਸੀਟਾਂ ’ਤੇ ਜਿੱਤ ਪ੍ਰਾਪਤ ਕਰ ਲਵੇਗਾ ਪਰ ਉਸ ਨੂੰ ਬਹੁਮਤ ਨਹੀਂ ਮਿਲੇਗਾ। ਭਾਵ ਕਿ ਉਹ 289 ਸੀਟਾਂ ਜੁਟਾਉਣ ਦੇ ਅੰਕੜੇ ਤੱਕ ਨਹੀਂ ਪਹੁੰਚ ਸਕੇਗਾ।
ਮੈਕਰੋਂ ਨੇ ਰੋਮਾਨੀਆ ਅਤੇ ਯੂਕਰੇਨ ਦੀ ਯਾਤਰਾ ਤੋਂ ਪਹਿਲਾਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਵੋਟਰਾਂ ਨੂੰ ਉਨ੍ਹਾਂ ਦੀ ਪਾਰਟੀ ਦੇ ਹੱਕ ਵਿੱਚ ਭੁਗਤਨ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਇੱਕ ਅਧੂੁਰੀ ਚੋਣ ਜਾਂ ਲਟਕਵੀ ਸੰਸਦ ਕੌਮ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ।
ਪੋਲਿੰਗ ਏਜੰਸੀਆਂ ਦਾ ਅਨੁਮਾਨ ਹੈ ਕਿ ਮੈਕਰੋਂ ਗੱਠਜੋੜ ਆਖਰਕਾਰ 255 ਤੋਂ 300 ਸੀਟਾਂ ਜਿੱਤ ਸਕਦਾ ਹੈ, ਜਦੋਂ ਕਿ ਮੇਲੇਨਚੋਨ ਦੀ ਅਗਵਾਈ ਵਾਲਾ ਖੱਬੇ ਪੱਖੀ ਗੱਠਜੋੜ, ਜਿਸ ਨੂੰ ਨੂਪੇਸ ਕਿਹਾ ਜਾਂਦਾ ਹੈ, 200 ਤੋਂ ਵੱਧ ਸੀਟਾਂ ਜਿੱਤ ਸਕਦਾ ਹੈ।
ਰਾਸ਼ਟਰਪਤੀ ਚੋਣਾਂ ਵਿੱਚ ਦੂਜੇ ਨੰਬਰ ’ਤੇ ਰਹੀ ਮਾਰੀਨ ਲੇ ਪੇਨ ਦੀ ਨੈਸ਼ਨਲ ਰੈਲੀ ਪਾਰਟੀ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਸੰਸਦ ਵਿੱਚ ਆਪਣਾ ਦਬਦਬਾ ਵਧਾਏਗੀ ਪਰ ਅਨੁਮਾਨ ਹੈ ਕਿ ਉਸ ਦੀ ਪਾਰਟੀ ਬਹੁਮਤ ਹਾਸਲ ਕਰਨ ਵਿੱਚ ਪਿੱਛੇ ਰਹੇਗੀ। -ਏਪੀ