ਮਾਰਸੇਲੇ, 6 ਅਕਤੂਬਰ
ਫਰਾਂਸ ਦੇ ਮਾਰਸੇਲੇ ’ਚ 15 ਵਰ੍ਹਿਆਂ ਦੇ ਲੜਕੇ ਦਾ ਵਹਿਸ਼ੀ ਢੰਗ ਨਾਲ ਕਤਲ ਕਰ ਦਿੱਤਾ ਗਿਆ। ਪੁਲੀਸ ਮੁਤਾਬਕ ਲੜਕੇ ਨੂੰ ਪਹਿਲਾਂ 50 ਵਾਰ ਚਾਕੂ ਮਾਰਿਆ ਗਿਆ ਅਤੇ ਫਿਰ ਉਸ ਨੂੰ ਅੱਗ ਲਗਾ ਦਿੱਤੀ ਗਈ। ਪੁਲੀਸ ਨੂੰ ਸ਼ੱਕ ਹੈ ਕਿ ਇਸ ਮਾਮਲੇ ਦਾ ਸਬੰਧ ਹਾਲ ’ਚ ਹੋਈ ਇਕ ਹੋਰ ਹੱਤਿਆ ਨਾਲ ਜੁੜਿਆ ਹੋਇਆ ਹੈ। ਇਕ ਅਧਿਕਾਰੀ ਨਿਕੋਲਸ ਬੇਸੋਨੇ ਨੇ ਕਿਹਾ ਕਿ 15 ਸਾਲ ਦੇ ਪੀੜਤ ਨੂੰ 23 ਸਾਲ ਦੇ ਕੈਦੀ ਨੇ ਆਪਣੇ ਵਿਰੋਧੀ ਦੇ ਘਰ ਦਾ ਦਰਵਾਜ਼ਾ ਸਾੜਨ ਦਾ ਕੰਮ ਸੌਂਪਿਆ ਸੀ ਅਤੇ ਇਸ ਦੀ ਇਵਜ਼ ’ਚ 2 ਹਜ਼ਾਰ ਯੂਰੋ ਦੇਣ ਦਾ ਵਾਅਦਾ ਕੀਤਾ ਸੀ। ਨਿਊਜ਼ ਚੈਨਲ ਅਲ ਜਜ਼ੀਰਾ ਮੁਤਾਬਕ ਮਾਸਟਰਮਾਈਂਡ ਦੀ ਪਛਾਣ ਹੋ ਗਈ ਹੈ ਅਤੇ ਉਹ ਡੀਜ਼ੈੱਡ ਮਾਫ਼ੀਆ ਗਰੁੱਪ ਦਾ ਮੈਂਬਰ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਫਰਾਂਸ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਰਸੇਲੇ ’ਚ ਨਸ਼ਿਆਂ ਨਾਲ ਸਬੰਧਤ ਹਿੰਸਾ ਦੇ ਮਾਮਲਿਆਂ ’ਚ ਵਾਧਾ ਹੋਇਆ ਹੈ। -ਏਐੱਨਆਈ