ਪੈਰਿਸ, 13 ਸਤੰਬਰ
ਫਰਾਂਸ ਸਰਕਾਰ ਦੀ ਇਕ ਏਜੰਸੀ ਨੇ ‘ਐਪਲ’ ਨੂੰ ਹੁਕਮ ਦਿੱਤਾ ਹੈ ਕਿ ਉਹ ਬਾਜ਼ਾਰ ਵਿਚੋਂ ਆਪਣਾ ਆਈਫੋਨ 12 ਵਾਪਸ ਲੈਣ। ਉਨ੍ਹਾਂ ਕਿਹਾ ਕਿ ਇਸ ਫੋਨ ਵਿਚੋਂ ਨਿਕਲ ਰਹੀ ‘ਇਲੈਕਟਰੋਮੈਗਨੈਟਿਕ ਰੇਡੀਏਸ਼ਨ’ ਦਾ ਪੱਧਰ ਕਾਫੀ ਉੱਚਾ ਹੈ। ‘ਨੈਸ਼ਨਲ ਫਰੀਕੁਐਂਸੀ ਏਜੰਸੀ’ ਨੇ ਇਕ ਬਿਆਨ ਵਿਚ ਐਪਲ ਨੂੰ ਕਿਹਾ ਕਿ ਇਸ ਖਰਾਬੀ ਨੂੰ ਦੂਰ ਕਰਨ ਲਈ ਹਰ ਸੰਭਵ ਕਦਮ ਚੁੱਕਿਆ ਜਾਵੇ। ਉਨ੍ਹਾਂ ਕਿਹਾ ਕਿ ਆਈਫੋਨ 12 ਵਿਚ ਅਪਡੇਟ (ਸੁਧਾਰ) ਦੀ ਏਜੰਸੀ ਵੱਲੋਂ ਨਿਗਰਾਨੀ ਕੀਤੀ ਜਾਵੇਗੀ, ਤੇ ਜੇ ਇਹ ਖਾਮੀ ਦੂਰ ਨਹੀਂ ਹੁੰਦੀ ਤਾਂ ਐਪਲ ਨੂੰ ਪਹਿਲਾਂ ਵੇਚੇ ਗਏ ਸਾਰੇ ਫੋਨ ਵਾਪਸ ਲੈਣੇ ਪੈਣਗੇ। ਏਜੰਸੀ ਨੇ ਕਿਹਾ ਕਿ ਮਨੁੱਖੀ ਸਰੀਰ ਦੀ ਸਹਿਣ ਸ਼ਕਤੀ ਦੇ ਪੱਖ ਤੋਂ ‘ਇਲੈਕਟਰੋਮੈਗਨੈਟਿਕ’ ਤਰੰਗਾਂ ਦੀ ਪੜਤਾਲ ਕੀਤੀ ਗਈ ਜਿਸ ਵਿਚ ਇਨ੍ਹਾਂ ਦਾ ਪੱਧਰ ਯੂਰੋਪੀਅਨ ਯੂਨੀਅਨ ਦੇ ਮਾਪਦੰਡਾਂ ਤੋਂ ਵੱਧ ਨਿਕਲਿਆ ਹੈ। -ਏਪੀ