ਪੈਰਿਸ, 13 ਨਵੰਬਰ
ਫਰਾਂਸ ਦੀ ਥਲ ਸੈਨਾ ਅਤੇ ਫੌਜੀ ਹੈਲੀਕਾਪਟਰਾਂ ਨੇ ਮਾਲੀ ਵਿੱਚ ਅਲ-ਕਾਇਦਾ ਨਾਲ ਸਬੰਧਤ ਜਹਾਦੀ ਕਮਾਂਡਰ ਅਤੇ ਚਾਰ ਹੋਰਾਂ ਨੂੰ ਮਾਰ-ਮੁਕਾਇਆ ਹੈ।
ਫਰਾਂਸ ਦੀ ਫੌਜ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਕੀਤੀ ਇਸ ਕਾਰਵਾਈ ਵਿੱਚ ਮੁਸਲਿਮ ਦਹਿਸ਼ਤੀ ਸੰਗਠਨ ਆਰਵੀਆਈਐੱਮ ਦੇ ਮੁਖੀ ਬਾਹ ਅਗ ਮੂਸਾ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਦਹਿਸ਼ਤਗਰਦ ਅਮਰੀਕਾ ਦੀ ਪਾਬੰਦੀ ਸੂਚੀ ਵਿੱਚ ਸ਼ਾਮਲ ਸੀ ਅਤੇ ਦੇਸ਼ ਵਿੱਚ ਕੌਮਾਂਤਰੀ ਬਲਾਂ ’ਤੇ ਕਈ ਹਮਲਿਆਂ ਲਈ ਜ਼ਿੰਮੇਵਾਰ ਸੀ। ਮਾਲੀ ਵਿੱਚ ਫਰਾਂਸੀਸੀ ਫੌਜਾਂ ਨੂੰ ਨਿਗਰਾਨੀ ਰੱਖਣ ਵਾਲੀਆਂ ਡਰੋਨਾਂ ਤੋਂ ਪੱਛਮੀ ਮਾਲੀ ਦੇ ਮੇਨਾਕਾ ਖੇਤਰ ਵਿੱਚ ਮੂਸਾ ਦਾ ਟਰੱਕ ਹੋਣ ਦੀ ਜਾਣਕਾਰੀ ਮਿਲੀ।
ਇਸ ਟਰੱਕ ਨੂੰ ਹੈਲੀਕਾਪਟਰਾਂ ਅਤੇ 15 ਫਰਾਂਸੀਸੀ ਕਮਾਂਡਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ। ਟਰੱਕ ਵਿੱਚ ਸਵਾਰ ਪੰਜ ਵਿਅਕਤੀਆਂ ਨੂੰ ਫਰਾਂਸ ਦੀਆਂ ਫੌਜਾਂ ਨੇ ਚਿਤਾਵਨੀ ਦਿੱਤੀ ਪ੍ਰੰਤੂ ਊਨ੍ਹਾਂ ਨੇ ਵਾਪਸ ਹਮਲਾ ਕਰ ਦਿੱਤਾ। ਜਵਾਬੀ ਕਾਰਵਾਈ ਵਿੱਚ ਟਰੱਕ ਵਿੱਚ ਸਵਾਰ ਪੰਜ ਵਿਅਕਤੀ ਹਲਾਕ ਹੋ ਗਏ।
-ਏਪੀ