ਰੋਮ, 1 ਨਵੰਬਰ
ਮੁੱਖ ਅੰਸ਼
- ਸਾਫ਼-ਸੁਥਰੀ ਊਰਜਾ ਤੇ ਜਲਵਾਯੂ ਦੇ ਮੁੱਦੇ ਵੀ ਚਰਚਾ ਦਾ ਕੇਂਦਰ ਬਣੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਹੋਏ ਜੀ20 ਸਿਖ਼ਰ ਸੰਮੇਲਨ ਦੇ ਸਿੱਟਿਆਂ ਨੂੰ ‘ਸਾਰਥਕ’ ਦੱਸਿਆ ਤੇ ਕਿਹਾ ਕਿ ਵਿਸ਼ਵ ਦੇ ਆਗੂਆਂ ਨੇ ਮਹਾਮਾਰੀ ਦਾ ਮੁਕਾਬਲਾ ਕਰਨ, ਸਿਹਤ ਢਾਂਚੇ ਵਿਚ ਸੁਧਾਰ, ਆਰਥਿਕ ਸਹਿਯੋਗ ਨੂੰ ਵਧਾਉਣ ਤੇ ਹੋਰ ਖੋਜ ਨੂੰ ਉਤਸ਼ਾਹਿਤ ਕਰਨ ਜਿਹੇ ਆਲਮੀ ਮੁੱਦਿਆਂ ਉਤੇ ਵਿਸਤਾਰ ਵਿਚ ਚਰਚਾ ਕੀਤੀ। ਐਤਵਾਰ ਸਮਾਪਤ ਹੋਏ ਦੋ ਦਿਨਾ ਸੰਮੇਲਨ ਦੌਰਾਨ ਜੀ20 ਦੇ ਮੈਂਬਰ ਦੇਸ਼ਾਂ ਦੇ ਆਗੂਆਂ ਨੇ ‘ਰੋਮ ਐਲਾਨਨਾਮੇ’ ਨੂੰ ਸਵੀਕਾਰ ਕੀਤਾ। ਐਲਾਨਨਾਮੇ ਵਿਚ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਉਤੇ ਜ਼ੋਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਕੋਵਿਡ ਟੀਕਾਕਰਨ ਸੰਸਾਰ ਪੱਧਰ ਉਤੇ ਸਾਰਿਆਂ ਦੇ ਹਿੱਤ ਵਿਚ ਹੈ। ਮੋਦੀ ਨੇ ਟਵੀਟ ਕੀਤਾ, ‘ਰੋਮ ਵਿਚ ਸਾਰਥਕ ਜੀ20 ਸੰਮੇਲਨ ਵਿਚ ਸ਼ਾਮਲ ਹੋਣ ਤੋਂ ਬਾਅਦ ਗਲਾਸਗੋ ਲਈ ਰਵਾਨਾ ਹੋ ਰਿਹਾ ਹਾਂ। ਇਸ ਸੰਮੇਲਨ ਦੌਰਾਨ ਅਸੀਂ ਸਿਹਤ ਢਾਂਚੇ ਵਿਚ ਸੁਧਾਰ, ਆਰਥਿਕ ਸਹਿਯੋਗ ਨੂੰ ਵਧਾਉਣ ਤੇ ਹੋਰ ਮਹੱਤਵਪੂਰਨ ਮੁੱਦਿਆਂ ਉਤੇ ਚਰਚਾ ਕੀਤੀ।’ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਸੰਮੇਲਨ ਦੇ ਨਤੀਜਿਆਂ ਉਤੇ ਕਿਹਾ ‘ਇਸ ਸਮਝੌਤੇ ਉਤੇ ਪਹੁੰਚਣਾ ਸੌਖਾ ਨਹੀਂ ਸੀ, ਪਰ ਇਸ ਵਿਚ ਸਫ਼ਲਤਾ ਮਿਲੀ। ਪਿਛਲੇ ਕੁਝ ਵਰ੍ਹਿਆਂ ਵਿਚ ਜੀ20 ਦੇਸ਼ਾਂ ਦੀ ਮਿਲ ਕੇ ਕੰਮ ਕਰਨ ਦੀ ਸਮਰੱਥਾ ਘਟੀ ਹੈ ਪਰ ਇਸ ਸੰਮੇਲਨ ਵਿਚ ਬਦਲਾਅ ਦੇਖਣ ਨੂੰ ਮਿਲਿਆ। ਜੀ20 ਦੇਸ਼ ਇਕ ਵਾਰ ਫਿਰ ਤੋਂ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਲਈ ਤਿਆਰ ਹਨ।’ ਦਰਾਗੀ ਨੇ ਟਵੀਟ ਕੀਤਾ, ‘ਜੀ20 ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਅਸੀਂ ਕੌਮਾਂਤਰੀ ਟੈਕਸ ਨਿਯਮਾਂ ਵਿਚ ਸੁਧਾਰ ਕੀਤਾ, ਸਿਹਤ ਸੁਰੱਖਿਆਵਾਦ ਤੋਂ ਉੱਭਰ ਸਕੇ, ਦੁਨੀਆ ਭਰ ਦੇ ਗਰੀਬਾਂ ਲਈ ਹੋਰ ਵੱਧ ਮਾਤਰਾ ਵਿਚ ਟੀਕਾ ਉਪਲੱਬਧ ਕਰਾਇਆ। ਜੀ20 ਵਿਚ ਭਾਰਤ ਦੇ ਸ਼ੇਰਪਾ (ਪ੍ਰਧਾਨ ਮੰਤਰੀ ਦੇ ਪ੍ਰਤੀਨਿਧ) ਪਿਊਸ਼ ਗੋਇਲ ਨੇ ਐਤਵਾਰ ਕਿਹਾ ਕਿ ਜੀ20 ਦੇਸ਼ਾਂ ਦੇ ਆਗੂ ਇਸ ਉਤੇ ਸਹਿਮਤ ਹੋਏ ਕਿ ਕੋਵਿਡ ਟੀਕਿਆਂ ਨੂੰ ਹੰਗਾਮੀ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਲਈ ਵਿਸ਼ਵ ਸਿਹਤ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇਗਾ। ਗੋਇਲ ਨੇ ਕਿਹਾ ਕਿ ਜੀ20 ਸੰਮੇਲਨ ਵਿਚ ਊਰਜਾ ਤੇ ਜਲਵਾਯੂ ਦੇ ਮੁੱਦੇ ਚਰਚਾ ਦਾ ਕੇਂਦਰ ਰਹੇ। -ਪੀਟੀਆਈ
ਵਿਕਾਸਸ਼ੀਲ ਦੇਸ਼ਾਂ ’ਚ ਟੀਕਿਆਂ ਦੀ ਸਪਲਾਈ ਵਧਾਉਣ ’ਤੇ ਬਣੀ ਸਹਿਮਤੀ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਜੀ20 ਦੇ ਸਾਰੇ ਆਗੂ ਇਸ ਗੱਲ ਲਈ ਸਹਿਮਤ ਹੋਏ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਕੋਵਿਡ ਟੀਕਿਆਂ ਦੀ ਸਪਲਾਈ ਵਧਾਉਣ ਲਈ ਕਦਮ ਚੁੱਕੇ ਜਾਣ ਤਾਂ ਕਿ 2021 ਦੇ ਅੰਤ ਤੱਕ ਸਾਰੇ ਮੁਲਕਾਂ ਵਿਚ 40 ਪ੍ਰਤੀਸ਼ਤ ਆਬਾਦੀ ਤੇ 2022 ਦੇ ਅੱਧ ਤੱਕ ਸੱਤਰ ਪ੍ਰਤੀਸ਼ਤ ਆਬਾਦੀ ਦੇ ਵੈਕਸੀਨ ਲਾਉਣ ਦਾ ਟੀਚਾ ਪੂਰਾ ਹੋ ਸਕੇ।