ਨਵੀਂ ਦਿੱਲੀ, 10 ਜਨਵਰੀ
ਗਗਨਯਾਨ ਮਿਸ਼ਨ ਲਈ ਦੋ ਫਲਾਈਟ ਸਰਜਨ ਪੁਲਾੜ ਮੈਡੀਸਨ ’ਚ ਆਪਣੇ ਰੂਸੀ ਹਮਰੁਤਬਾਵਾਂ ਤੋਂ ਤਜਰਬਾ ਤੇ ਸਿਖਲਾਈ ਹਾਸਲ ਕਰਨ ਲਈ ਜਲਦੀ ਹੀ ਰੂਸ ਜਾਣਗੇ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਅਧਿਕਾਰੀਆਂ ਨੇ ਕਿਹਾ ਕਿ ਰੂਸ ਜਾਣ ਵਾਲੇ ਦੋਵੇਂ ਫਲਾਈਟ ਸਰਜਨ ਭਾਰਤੀ ਹਵਾਈ ਸੈਨਾ ’ਚ ਡਾਕਟਰ ਹਨ ਤੇ ਐਰੋਸਪੇਸ ਮੈਡੀਸਨ ਦੇ ਮਾਹਿਰ ਹਨ। ਅਧਿਕਾਰੀ ਨੇ ਕਿਹਾ, ‘ਫਲਾਈਟ ਸਰਜਨ ਜਲਦੀ ਹੀ ਰੂਸ ਲਈ ਨਿਕਲਣਗੇ, ਜਿੱਥੇ ਉਹ ਰੂਸ ਦੇ ਫਲਾਈਟ ਸਰਜਨਾਂ ਤੋਂ ਸਿਖਲਾਈ ਲੈਣਗੇ।’ ਚੇਤੇ ਰਹੇ ਕਿ ਮਨੁੱਖਾਂ ਦੀ ਸ਼ਮੂਲੀਅਤ ਵਾਲੇ ਕਿਸੇ ਵੀ ਪੁਲਾੜ ਮਿਸ਼ਨ ਪ੍ਰਾਜੈਕਟ ਲਈ ਪੁਲਾੜ ਯਾਤਰੀਆਂ ਦੀ ਸਿਖਲਾਈ ਸਭ ਤੋਂ ਅਹਿਮ ਪਹਿਲੂ ਹੁੰਦਾ ਹੈ। ਫਲਾਈਟ ਸਰਜਨ ਮੁੱਖ ਤੌਰ ’ਤੇ ਉਡਾਣ ਤੋਂ ਪਹਿਲਾਂ, ਦੌਰਾਨ ਤੇ ਮਗਰੋਂ ਪੁਲਾੜ ਯਾਤਰੀਆਂ ਦੀ ਸਿਹਤ ਲਈ ਜ਼ਿੰਮੇਵਾਰ ਹੁੰਦੇ ਹਨ। ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਲਈ ਭਾਰਤੀ ਹਵਾਈ ਸੈਨਾ ਦੇ ਚਾਰ ਟੈਸਟ ਪਾਇਲਟਾਂ ਨੂੰ ਚੁਣਿਆ ਗਿਆ ਹੈ, ਜੋ ਪਿਛਲੇ ਸਾਲ ਫਰਵਰੀ ਤੋਂ ਮਾਸਕੋ ਨੇੜੇ ਯੂ.ਏ. ਗਗਾਰਿਨ ਰਿਸਰਚ ਤੇ ਟੈਸਟ ਕੌਸਮੋਨੌਟ ਟਰੇਨਿੰਗ ਸੈਂਟਰ ’ਚ ਸਿਖਲਾਈ ਲੈ ਰਹੇ ਹਨ। ਫਲਾਈਟ ਸਰਜਨ ਮਗਰੋਂ ਸਿਖਲਾਈ ਲਈ ਫਰਾਂਸ ਵੀ ਜਾਣਗੇ। ਅਧਿਕਾਰੀ ਨੇ ਕਿਹਾ ਕਿ ਪੁਲਾੜ ਸਰਜਨ ਟਰੇਨਿੰਗ ਦਾ ਫਰੈਂਚ ਮੌਡਿਊਲ ਵਧੇਰੇ ਸਿਧਾਂਤਕ ਹੋਵੇਗਾ। ਦੱਸਦਾ ਬਣਦਾ ਹੈ ਕਿ ਭਾਰਤ ਦੇ ਉਤਸ਼ਾਹੀ ਗਗਨਯਾਨ ਮਿਸ਼ਨ ਤਹਿਤ 2022 ਤੱਕ ਤਿੰਨ ਭਾਰਤੀਆਂ ਨੂੰ ਪੁਲਾੜ ’ਚ ਭੇਜਿਆ ਜਾਣਾ ਹੈ, ਪਰ ਕੋਵਿਡ-19 ਮਹਾਮਾਰੀ ਕਰਕੇ ਇਹ ਮਿਸ਼ਨ ਥੋੜ੍ਹਾ ਪੱਛੜ ਗਿਆ ਹੈ। -ਪੀਟੀਆਈ