ਯੇਰੂਸ਼ਲਮ/ਡੀਰ ਅਲ-ਬਲਾਹ, 19 ਮਈ
ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਜੰਗ ਮਗਰੋਂ ਗਾਜ਼ਾ ਵਿਚ ਕਿਸੇ ਯੋਜਨਾਬੰਦੀ ਨੂੰ ਲੈ ਕੇ ਹੀ ਆਪਣੀ ਹੀ ਵਾਰ ਕੈਬਨਿਟ (ਜੰਗੀ ਕੈਬਨਿਟ) ਤੇ ਆਪਣੇ ਸਭ ਤੋਂ ਕਰੀਬੀ ਭਾਈਵਾਲ (ਅਮਰੀਕਾ) ਦੇ ਵੱਡੇ ਦਬਾਅ ਹੇਠ ਹਨ। ਹਾਲਾਂਕਿ ਹਮਾਸ ਨਾਲ ਜਾਰੀ ਜੰਗ ਦੇ ਮੁੱਕਣ ਦਾ ਕੋਈ ਨਾਮੋ-ਨਿਸ਼ਾਨ ਨਜ਼ਰ ਨਹੀਂ ਆਉਂਦਾ। ਵਾਰ ਕੈਬਨਿਟ ਦੇ ਮੈਂਬਰ ਅਤੇ ਨੇਤਨਯਾਹੂ ਦੇ ਪ੍ਰਮੁੱਖ ਸਿਆਸੀ ਵਿਰੋਧੀ ਬੈਨੀ ਗੈਂਟਜ਼ ਨੇ ਸ਼ਨਿੱਚਰਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਕੈਬਨਿਟ ਨੇ ਗਾਜ਼ਾ ਵਿਚ ਗੈਰ-ਫ਼ੌਜੀ ਮਾਮਲਿਆਂ ਨਾਲ ਸਿੱਝਣ ਲਈ ਕੌਮਾਂਤਰੀ ਭਾਈਚਾਰੇ, ਅਰਬ ਤੇ ਫ਼ਲਸਤੀਨੀ ਪ੍ਰਸ਼ਾਸਨ ਨਾਲ ਗੱਲਬਾਤ ਸਣੇ ਕੋਈ ਨਵੀਂ ਜੰਗੀ ਯੋਜਨਾ ਨਾ ਘੜੀ ਤਾਂ ਉਹ 8 ਜੂਨ ਨੂੰ ਸਰਕਾਰ ਤੋਂ ਲਾਂਭੇ ਹੋ ਜਾਣਗੇ। ਇਸ ਦੌਰਾਨ ਇਜ਼ਰਾਈਲ ਵੱਲੋਂ ਕੇਂਦਰੀ ਗਾਜ਼ਾ ਵਿਚ ਫ਼ਲਸਤੀਨੀ ਸ਼ਰਨਾਰਥੀ ਕੈਂਪ ਨੁਸਰਤ ਉੱਤੇ ਕੀਤੇ ਹਵਾਈ ਹਮਲੇ ਵਿਚ ਅੱਠ ਮਹਿਲਾਵਾਂ ਤੇ ਚਾਰ ਬੱਚਿਆਂ ਸਣੇ 27 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ। ਇਸ ਦੌਰਾਨ ਇਕ ਵੱਖਰੇ ਹਮਲੇ ਵਿਚ ਪੰਜ ਹੋਰ ਵਿਅਕਤੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਉੱਤਰੀ ਗਾਜ਼ਾ ਵਿਚ ਹਵਾਈ ਹਮਲੇ ਲਗਾਤਾਰ ਜਾਰੀ ਹਨ। ਵਾਰ ਕੈਬਨਿਟ ਦੇ ਤੀਜੇ ਮੈਂਬਰ ਤੇ ਰੱਖਿਆ ਮੰਤਰੀ ਯੋਵ ਗੈਲੇਂਟ ਨੇ ਵੀ ਫ਼ਲਸਤੀਨੀ ਪ੍ਰਸ਼ਾਸਨ ਲਈ ਕੋਈ ਯੋਜਨਾ ਘੜਨ ਦਾ ਸੱਦਾ ਦਿੱਤਾ ਹੈ। ਗੈਲੇਂਟ ਨੇ ਇਸ ਹਫ਼ਤੇ ਇਕ ਤਕਰੀਰ ਵਿਚ ਕਿਹਾ ਸੀ ਕਿ ਉਹ ਇਜ਼ਰਾਈਲ ਵੱਲੋਂ ਗਾਜ਼ਾ ਦਾ ਪ੍ਰਬੰਧ ਦੇਖਣ ਦੇ ਵਿਚਾਰ ਨਾਲ ਸਹਿਮਤ ਹਨ। ਉਧਰ ਅਮਰੀਕਾ ਨੇ ਗਾਜ਼ਾ ਦਾ ਰਾਜ ਪ੍ਰਬੰਧ ਚਲਾਉਣ ਲਈ ਫ਼ਲਸਤੀਨੀ ਅਥਾਰਿਟੀ ਨੂੰ ਮੁੜ ਸ਼ਕਤੀਸ਼ਾਲੀ ਬਣਾਉਣ ਦਾ ਸੱਦਾ ਦਿੱਤਾ ਹੈ। ਅਮਰੀਕਾ ਨੇ ਕਿਹਾ ਕਿ ਰਾਜ ਦਾ ਦਰਜਾ ਮਿਲਣ ਤੱਕ ਸਾਊਦੀ ਅਰਬ ਤੇ ਹੋਰਨਾਂ ਅਰਬ ਮੁਲਕਾਂ ਦੀ ਮਦਦ ਨਾਲ ਗਾਜ਼ਾ ਵਿਚ ਰਾਜ ਪ੍ਰਬੰਧ ਚਲਾਇਆ ਜਾਵੇ। ਕੌਮੀ ਸੁਰੱਖਿਆ ਸਲਾਹਕਾਰ ਜੈਕ ਸੂਲੀਵਾਨ ਵੱਲੋਂ ਐਤਵਾਰ ਨੂੰ ਇਜ਼ਰਾਈਲ ਦੀ ਆਪਣੀ ਫੇਰੀ ਦੌਰਾਨ ਇਨ੍ਹਾਂ ਯੋਜਨਾਵਾਂ ਨੂੰ ਅਮਲ ਵਿਚ ਲਿਆਉਣ ਲਈ ਦਬਾਅ ਪਾਉਣ ਦੀ ਉਮੀਦ ਹੈ। ਨੇਤਨਯਾਹੂ ਹਾਲ ਦੀ ਘੜੀ ਇਨ੍ਹਾਂ ਯੋਜਨਾਵਾਂ ਨੂੰ ਨਾਂਹ ਕਹਿ ਚੁੱਕੇ ਹਨ, ਪਰ ਗੈਂਟਜ਼ ਦੀ ਚੇਤਾਵਨੀ ਮਗਰੋਂ ਇਜ਼ਰਾਇਲੀ ਪ੍ਰਧਾਨ ਮੰਤਰੀ ਵਾਸਤੇ ਕਿਸੇ ਨਵੇਂ ਤਜਰਬੇ ਲਈ ਘੇਰਾ ਵਸੀਹ ਹੋ ਸਕਦਾ ਹੈ। ਨੇਤਨਯਾਹੂ ਗਾਜ਼ਾ ਵਿਚ ਫ਼ਲਸਤੀਨੀ ਅਥਾਰਿਟੀ ਦੀ ਕਿਸੇ ਤਰ੍ਹਾਂ ਦੀ ਭੂਮਿਕਾ ਦੇ ਵਿਚਾਰ ਨੂੰ ਉੱਕਾ ਹੀ ਰੱਦ ਕਰ ਚੁੱਕੇ ਹਨ। ਉਹ ਗਾਜ਼ਾ ਵਿਚ ਗੈਰ-ਫੌਜੀ ਜ਼ਿੰਮੇਵਾਰੀਆਂ ਸਥਾਨਕ ਫ਼ਲਸਤੀਨੀਆਂ ਨੂੰ ਦੇਣ ਦੇ ਹੱਕ ਵਿਚ ਹਨ, ਜਿਨ੍ਹਾਂ ਦਾ ਹਮਾਸ ਨਾਲ ਕੋਈ ਲਾਗਾ ਦੇਗਾ ਨਾ ਹੋਵੇ। -ਏਪੀ