ਤੇਜਸਦੀਪ ਸਿੰਘ ਅਜਨੌਦਾ
ਮੈਲਬਰਨ, 30 ਨਵੰਬਰ
ਇੱਥੋਂ ਦੇ ਉੱਤਰੀ ਖੇਤਰ ਵੂਲਾਰਟ ਵਿੱਚ ਪੰਜਾਬੀ ਭਾਈਚਾਰੇ ਨੇ ਸਾਂਝੇ ਤੌਰ ’ਤੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਇਕੱਤਰਤਾ ਕੀਤੀ, ਜਿਸ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੁੱਜੇ ਨੌਜਵਾਨ ਬੁਲਾਰਿਆਂ ਨੇ ਹਰ ਪੱਖੋਂ ਕਿਸਾਨਾਂ ਨਾਲ ਖੜ੍ਹੇ ਹੋਣ ਦੀ ਗੱਲ ਆਖਦਿਆਂ ਭਾਰਤ ਸਰਕਾਰ ਨੂੰ ਜਲਦੀ ਤੋਂ ਜਲਦੀ ਕਿਸਾਨਾਂ ਦੇ ਹਿੱਤ ਵਿੱਚ ਫ਼ੈਸਲੇ ਲੈਣ ਦੀ ਅਪੀਲ ਕੀਤੀ। ਬੁਲਾਰਿਆਂ ਨੇ ਕਿਹਾ ਇਹ ਸੰਘਰਸ਼ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਵਿੱਚ ਹੈ ਤੇ ਪਰਵਾਸ ਹੰਢਾ ਰਿਹਾ ਹਰ ਪੰਜਾਬੀ ਆਪਣੀ ਜ਼ਮੀਨ ਦੇ ਹੱਕ ਸਰਮਾਏਦਾਰਾਂ ਨੂੰ ਦੇਣ ਸਬੰਧੀ ਚਿੰਤਤ ਹੈ ਅਤੇ ਆਪਣੇ ਪੱਧਰ ’ਤੇ ਇਸ ਸੰਘਰਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨ ਕਿਸਾਨ ਪੱਖੀ ਨਹੀਂ ਹਨ। ਆਸਟਰੇਲੀਆ ਦਾ ਪੰਜਾਬੀ ਭਾਈਚਾਰਾ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਖੇਤੀ ਕਾਨੂੰਨਾਂ ਵਿਰੁੱਧ ਸਥਾਨਕ ਭਾਰਤੀ ਸਫ਼ਾਰਤਖਾਨਿਆਂ ਅੱਗੇ ਮੁਜ਼ਾਹਰੇ ਕਰੇਗਾ। ਉਨ੍ਹਾਂ ਆਖਿਆ ਕਿ ਆਸਟਰੇਲਿਆਈ ਮੀਡੀਆ ਸਮੇਤ ਸੋਸ਼ਲ ਮੀਡੀਆ ’ਤੇ ਵੀ ਭਾਰਤੀ ਕਿਸਾਨਾਂ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ।