ਰਫ਼ਾਹ, 18 ਫਰਵਰੀ
ਇਜ਼ਰਾਈਲ ਵੱਲੋਂ ਸ਼ਨਿਚਰਵਾਰ ਰਾਤ ਗਾਜ਼ਾ ’ਤੇ ਕੀਤੇ ਗਏ ਹਮਲਿਆਂ ’ਚ 18 ਵਿਅਕਤੀ ਮਾਰੇ ਗਏ। ਉਂਜ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਪਿਛਲੇ 24 ਘੰਟਿਆਂ ਦੌਰਾਨ 127 ਵਿਅਕਤੀਆਂ ਦੀ ਮੌਤ ਹੋਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਅਮਰੀਕਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ’ਚ ਗੋਲੀਬੰਦੀ ਦਾ ਮਤਾ ਪੇਸ਼ ਹੋਣ ’ਤੇ ਉਹ ਮੁੜ ਤੋਂ ਵੀਟੋ ਦੀ ਵਰਤੋਂ ਕਰੇਗਾ। ਅਲਜੀਰੀਆ ਨੇ ਗਾਜ਼ਾ ’ਚ ਫੌਰੀ ਗੋਲੀਬੰਦੀ ਅਤੇ ਮਾਨਵੀ ਸਹਾਇਤਾ ਦੀ ਮੰਗ ਵਾਲੇ ਮਤੇ ਦਾ ਖਰੜਾ ਸਲਾਮਤੀ ਕੌਂਸਲ ’ਚ ਨਸ਼ਰ ਕੀਤਾ ਹੈ। ਰਫ਼ਾਹ ’ਚ ਰਾਤ ਭਰ ਹੋਏ ਹਵਾਈ ਹਮਲਿਆਂ ’ਚ ਇਕ ਮਹਿਲਾ ਅਤੇ ਤਿੰਨ ਬੱਚਿਆਂ ਸਮੇਤ ਛੇ ਵਿਅਕਤੀ ਮਾਰੇ ਗਏ ਜਦਕਿ ਦੱਖਣੀ ਸ਼ਹਿਰ ਖ਼ਾਨ ਯੂਨਿਸ ’ਚ ਹੋਏ ਹਮਲਿਆਂ ਦੌਰਾਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਜ਼ਰਾਇਲੀ ਹਮਲੇ ਦੀ ਮਾਰ ਹੇਠ ਆਉਣ ਕਾਰਨ ਗਾਜ਼ਾ ਸ਼ਹਿਰ ਦੇ ਇਕ ਘਰ ’ਚ ਰਹਿਣ ਵਾਲੇ ਸੱਤ ਵਿਅਕਤੀ ਮਾਰੇ ਗਏ। ਉਧਰ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਮੁਖੀ ਨੇ ਕਿਹਾ ਕਿ ਦੱਖਣੀ ਗਾਜ਼ਾ ’ਚ ਸੇਵਾਵਾਂ ਦੇਣ ਵਾਲਾ ਮੁੱਖ ਨਾਸਿਰ ਹਸਪਤਾਲ ਇਜ਼ਰਾਇਲੀ ਫ਼ੌਜ ਦੇ ਛਾਪੇ ਮਗਰੋਂ ਚੱਲ ਨਹੀਂ ਰਿਹਾ ਹੈ। ਡਬਲਿਊਐੱਚਓ ਦੀ ਇਕ ਟੀਮ ਨੂੰ ਹਸਪਤਾਲ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਡਬਲਿਊਐੱਚਓ ਮੁਖੀ ਟੈਡਰੋਸ ਅਧਾਨੌਮ ਗੈਬ੍ਰਿਸਿਸ ਨੇ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਹਸਪਤਾਲ ’ਚ ਅਜੇ ਵੀ ਕਰੀਬ 200 ਮਰੀਜ਼ ਹਨ ਜਿਨ੍ਹਾਂ ’ਚੋਂ 20 ਨੂੰ ਹੋਰ ਹਸਪਤਾਲਾਂ ’ਚ ਫੌਰੀ ਰੈਫ਼ਰ ਕਰਨ ਦੀ ਲੋੜ ਹੈ। -ਏਪੀ