ਵਿਸ਼ਵ ਸਿਹਤ ਸੰਗਠਨ ਨੇ ਗਾਜ਼ਾ ’ਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਜਤਾਇਆ
ਯੇਰੂਸ਼ਲਮ, 29 ਨਵੰਬਰ
ਗਾਜ਼ਾ ’ਚ ਜੰਗਬੰਦੀ ਦੀ ਮਿਆਦ ਖ਼ਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਕੌਮਾਂਤਰੀ ਵਾਰਤਾਕਾਰਾਂ ਵੱਲੋਂ ਕੀਤੇ ਗਏ ਯਤਨਾਂ ਸਦਕਾ ਇਜ਼ਰਾਈਲ ਅਤੇ ਹਮਾਸ ਜੰਗਬੰਦੀ 2 ਹੋਰ ਦਿਨ ਲਈ ਵਧਾਉਣ ਵਾਸਤੇ ਰਾਜ਼ੀ ਹੋ ਗਏ। ਇਸ ਤੋਂ ਪਹਿਲਾਂ ਇਜ਼ਰਾਈਲ ਸੋਮਵਾਰ ਨੂੰ ਜੰਗਬੰਦੀ ਦੀ ਮਿਆਦ ਖ਼ਤਮ ਹੋਣ ’ਤੇ ਇਸ ਨੂੰ ਦੋ ਹੋਰ ਦਿਨ ਵਧਾਉਣ ਲਈ ਰਾਜ਼ੀ ਹੋ ਗਿਆ ਸੀ। ਹਮਾਸ ਵੱਲੋਂ ਮੰਗਲਵਾਰ ਨੂੰ 10 ਇਜ਼ਰਾਇਲੀਆਂ ਸਮੇਤ ਦੋ ਹੋਰ ਬੰਧਕਾਂ ਨੂੰ ਰਿਹਾਅ ਕੀਤਾ ਗਿਆ ਸੀ ਜਿਸ ਨਾਲ ਰਿਹਾਅ ਕੀਤੇ ਗਏ ਬੰਧਕਾਂ ਦੀ ਗਿਣਤੀ 81 ਹੋ ਗਈ ਹੈ। ਇਜ਼ਰਾਈਲ ਨੇ ਜੰਗਬੰਦੀ ਦੀ ਮਿਆਦ ਖ਼ਤਮ ਹੋਣ ਮਗਰੋਂ ਹਮਾਸ ਦੇ ਖ਼ਾਤਮੇ ਲਈ ਹਮਲੇ ਮੁੜ ਸ਼ੁਰੂ ਕਰਨ ਦਾ ਅਹਿਦ ਲਿਆ ਹੈ ਪਰ ਕੌਮਾਂਤਰੀ ਪੱਧਰ ’ਤੇ ਉਸ ਉਪਰ ਜੰਗਬੰਦੀ ਦੀ ਮਿਆਦ ਵਧਾਉਣ ਦਾ ਦਬਾਅ ਲਗਾਤਾਰ ਪੈ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬ੍ਰਸੱਲਜ਼ ’ਚ ਨਾਟੋ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਕਿਹਾ ਸੀ ਕਿ ਬਾਇਡਨ ਪ੍ਰਸ਼ਾਸਨ ਜੰਗਬੰਦੀ ਸਮਝੌਤੇ ’ਚ ਹੋਰ ਵਾਧਾ ਚਾਹੁੰਦਾ ਹੈ। ਮੱਧ ਪੂਰਬ ਦੇ ਤੀਜੇ ਦੌਰੇ ਦੀ ਤਿਆਰੀ ਕਰ ਰਹੇ ਬਲਿੰਕਨ ਨੇ ਕਿਹਾ ਕਿ ਇਜ਼ਰਾਈਲ ਜਦੋਂ ਹਮਾਸ ਦੇ ਖ਼ਾਤਮੇ ਦਾ ਟੀਚਾ ਹਾਸਲ ਕਰ ਲੈਂਦਾ ਹੈ ਤਾਂ ਗਾਜ਼ਾ ’ਚ ਭਵਿੱਖ ਦੀ ਸਰਕਾਰ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਇਜ਼ਰਾਈਲ ਅਤੇ ਅਰਬ ਮੁਲਕਾਂ ਨੇ ਅਜਿਹੀ ਕਿਸੇ ਯੋਜਨਾ ’ਤੇ ਵਿਚਾਰ ਵਟਾਂਦਰੇ ਦਾ ਵਿਰੋਧ ਕੀਤਾ ਹੈ। ਉਧਰ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਮੱਧ ਪੂਰਬੀ ਮਸਲੇ ਦੇ ਹੱਲ ਲਈ ਕੌਮਾਂਤਰੀ ਕਾਨਫਰੰਸ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਲਸਤੀਨੀ ਕੌਮਾਂਤਰੀ ਭਾਈਚਾਰੇ ਨਾਲ ਰਲ ਕੇ ਕੰਮ ਕਰਨ ਲਈ ਤਿਆਰ ਹਨ।
ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰੋਸ ਅਧਾਨੌਮ ਗੈਬ੍ਰਿਸਸ ਨੇ ਚਿਤਾਵਨੀ ਦਿੱਤੀ ਹੈ ਕਿ ਗਾਜ਼ਾ ਪੱਟੀ ’ਚ ਬੰਬਾਰੀ ਨਾਲੋਂ ਬਿਮਾਰੀਆਂ ਕਾਰਨ ਵਧੇਰੇ ਲੋਕ ਮਾਰੇ ਜਾ ਸਕਦੇ ਹਨ ਕਿਉਂਕਿ ਕੈਂਪਾਂ ’ਚ ਭੀੜ ਵਧ ਹੈ ਜਿਥੇ ਭੋਜਨ, ਪਾਣੀ ਅਤੇ ਸਾਫ਼-ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਲੱਖ ਤੋਂ ਜ਼ਿਆਦਾ ਵਿਅਕਤੀ ਸਾਹ ਦੇ ਰੋਗਾਂ ਅਤੇ 75 ਹਜ਼ਾਰ ਡਾਇਰੀਆ ਤੋਂ ਪੀੜਤ ਹਨ। ਫਲਸਤੀਨੀਆਂ ਨੂੰ ਡਰ ਸਤਾ ਰਿਹਾ ਹੈ ਕਿ ਗਾਜ਼ਾ ’ਚ ਜੰਗ ਮੁੜ ਸ਼ੁਰੂ ਹੋ ਸਕਦੀ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਈਅਪ ਅਰਦੌਗਾਂ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ’ਤੇ ‘ਸਦੀ ਦੀਆਂ ਸਭ ਤੋਂ ਭਿਆਨਕ ਵਧੀਕੀਆਂ’ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ’ਚ ਨੇਤਨਯਾਹੂ ਦਾ ਨਾਮ ‘ਗਾਜ਼ਾ ਦੇ ਕਸਾਈ’ ਵਜੋਂ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤੁਰਕੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗਾ ਕਿ ਇਜ਼ਰਾਈਲ ਨੂੰ ਕੌਮਾਂਤਰੀ ਅਦਾਲਤਾਂ ’ਚ ਜੰਗ ਲਈ ਜਵਾਬਦੇਹ ਬਣਾਇਆ ਜਾਵੇ। -ਏਪੀ