ਲੰਡਨ, 6 ਜੁਲਾਈ
ਭਾਰਤ ਦੇ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਲੰਡਨ ਵਿਚ ਯੂਕੇ ਦੇ ਰੱਖਿਆ ਸਟਾਫ਼ ਮੁਖੀ (ਸੀਡੀਐੱਸ) ਜਨਰਲ ਸਰ ਨਿਕੋਲਸ ਕਾਰਟਰ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਦੋਵਾਂ ਫ਼ੌਜੀ ਜਰਨੈਲਾਂ ਨੇ ਭਾਰਤ ਤੇ ਯੂਕੇ ਦਰਮਿਆਨ ਰੱਖਿਆ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਕੀਤਾ। ਜਨਰਲ ਨਰਵਾਣੇ ਪੰਜ ਜੁਲਾਈ ਨੂੰ ਯੂਕੇ ਦੇ ਦੋ ਦਿਨਾ ਦੌਰੇ ਉਤੇ ਪੁੱਜੇ ਸਨ। ਭਾਰਤੀ ਦੂਤਾਵਾਸ ਮੁਤਾਬਕ ਜਨਰਲ ਨਰਵਾਣੇ ਆਪਣੇ ਯੂਕੇ ਦੌਰੇ ਦੌਰਾਨ ਰੱਖਿਆ ਮੰਤਰੀ ਬੈੱਨ ਵਾਲੈੱਸ ਤੇ ਜਨਰਲ ਸਟਾਫ ਮੁਖੀ ਜਨਰਲ ਸਰ ਮਾਰਕ ਕਾਰਲਟਨ-ਸਮਿੱਥ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਜਨਰਲ ਨਰਵਾਣੇ ਨੇ ਬਰਤਾਨਵੀ ਫ਼ੌਜ ਵੱਲੋਂ ਦਿੱਤੇ ਗਾਰਡ ਆਫ ਆਨਰ ਦਾ ਮੁਆਇਨਾ ਕੀਤਾ। ਫ਼ੌਜ ਮੁਖੀ ਬਰਤਾਨਵੀ ਫ਼ੌਜ ਦੇ ਟਿਕਾਣਿਆਂ ਦਾ ਦੌਰਾ ਵੀ ਕਰਨਗੇ ਤੇ ਸਾਂਝੇ ਹਿੱਤਾਂ ਦੇ ਕਈ ਵਿਸ਼ਿਆਂ ਉਤੇ ਤਾਲਮੇਲ ਹੋਵੇਗਾ। ਭਾਰਤੀ ਫ਼ੌਜ ਮੁਖੀ ਯੂਰੋਪ ਦਾ ਦੌਰਾ ਵੀ ਕਰਨਗੇ। ਭਲਕੇ ਤੇ ਵੀਰਵਾਰ ਨੂੰ ਉਹ ਇਟਲੀ ਦੀ ਫ਼ੌਜ ਦੇ ਮੁਖੀ ਤੇ ਹੋਰਾਂ ਫ਼ੌਜੀ ਅਧਿਕਾਰੀਆਂ ਨਾਲ ਅਹਿਮ ਵਿਚਾਰ-ਚਰਚਾ ਕਰਨਗੇ। ਇਸ ਤੋਂ ਇਲਾਵਾ ਜਨਰਲ ਨਰਵਾਣੇ ਮਸ਼ਹੂਰ ਕਸਬੇ ਕਸੀਨੋ (ਇਟਲੀ) ਵਿਚ ਭਾਰਤੀ ਫ਼ੌਜ ਦੀ ਇਕ ਯਾਦਗਾਰ ਦਾ ਉਦਘਾਟਨ ਵੀ ਕਰਨਗੇ। -ਪੀਟੀਆਈ