ਇਸਲਾਮਾਬਾਦ, 4 ਫਰਵਰੀ
ਪਾਕਿਸਤਾਨੀ ਫ਼ੌਜ ਨੇ ਅੱਜ ਕਿਹਾ ਕਿ ਭਾਰਤ ਨਾਲ 2021 ਵਿੱਚ ਹੋਏ ਗੋਲੀਬੰਦੀ ਸਬੰਧੀ ਸਮਝੌਤੇ ਨੂੰ ਇੱਕ ਦੀ ਤਾਕਤ ਜਾਂ ਦੂਜੇ ਦੀ ਕਮਜੋਰੀ ਵਜੋਂ ਨਹੀਂ ਵੇਖਿਆ ਜਾਣਾ ਚਾਹੀਦਾ। ਉਨ੍ਹਾਂ ਨੇ ਭਾਰਤੀ ਥਲ ਫ਼ੌਜ ਦੇ ਮੁਖੀ ਦੇ ਇਸ ਦਾਅਵੇ ਨੂੰ ‘ਭਰਮਾਊ’ ਕਰਾਰ ਦਿੱਤਾ ਕਿ ਗੋਲੀਬੰਦੀ ਇਸ ਲਈ ਜਾਰੀ ਹੈ ਕਿਉਂਕਿ ਭਾਰਤ ਨੇ ਬਹੁਤ ਹੀ ਮਜ਼ਬੂਤੀ ਨਾਲ ਗੱਲਬਾਤ ਕੀਤੀ ਹੈ। ਭਾਰਤੀ ਤੇ ਪਾਕਿਸਤਾਨੀ ਫ਼ੌਜਾਂ ਨੇ ਸਰਹੱਦ ’ਤੇ ਤਣਾਅ ਘਟਾਉਣ ਲਈ ਬੀਤੇ ਸਾਲ 25 ਫਰਵਰੀ ਨੂੰ ਐਲਾਨ ਕੀਤਾ ਸੀ ਕਿ ਉਹ 2003 ਦੇ ਗੋਲੀਬੰਦੀ ਸਮਝੌਤੇ ’ਤੇ ਵਚਨਬੱਧਤਾ ਪ੍ਰਗਟਾਉਂਦਿਆਂ ਕੰਟਰੋਲ ਰੇਖਾ (ਐੱਲਓਸੀ) ’ਤੇ ਗੋਲਾਬਾਰੀ ਬੰਦ ਕਰ ਦੇਣਗੇ। ਪਾਕਿ ਫ਼ੌਜ ਦੇ ਤਰਜਮਾਨ ਮੇਜਰ ਜਨਰਲ ਬਾਬਰ ਇਫਤਿਖ਼ਾਰ ਦੀ ਇਹ ਟਿੱਪਣੀ ਭਾਰਤੀ ਫ਼ੌਜ ਮੁਖੀ ਜਨਰਲ ਐੱਮ ਐੱਮ ਨਰਵਾਣੇ ਦੇ ਨਵੀਂ ਦਿੱਲੀ ਵਿੱਚ ਇੱਕ ਗੋਸ਼ਟੀ ਵਿੱਚ ਦਿੱਤੇ ਗਏ ਬਿਆਨ ਤੋਂ ਬਾਅਦ ਆਈ ਹੈ।