ਬਰਲਿਨ, 26 ਸਤੰਬਰ
ਜਰਮਨੀ ਦੇ ਵੋਟਰ ਨਵੀਂ ਸੰਸਦ ਚੁਣਨ ਲਈ ਵੋਟਾਂ ਪਾ ਰਹੇ ਹਨ। ਇਨ੍ਹਾਂ ਚੋਣਾਂ ਵਿਚ ਚਾਂਸਲਰ ਏਂਜਲਾ ਮਰਕਲ ਤੋਂ ਬਾਅਦ ਦੇ ਆਗੂ ਬਾਰੇ ਫ਼ੈਸਲਾ ਹੋਵੇਗਾ ਜੋ ਕਿ 16 ਸਾਲਾਂ ਤੋਂ ਯੂਰੋਪ ਦੀ ਇਸ ਸਭ ਤੋਂ ਵੱਡੀ ਆਰਥਿਕਤਾ ਦੀ ਅਗਵਾਈ ਕਰਦੀ ਰਹੀ ਹੈ। ਚੋਣਾਂ ਮਰਕਲ ਦੀ ਯੂਨੀਅਨ ਬਲੌਕ ਤੇ ਅਰਮੀਨ ਲਾਸ਼ੇਟ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਵਿਚਾਲੇ ਫ਼ਸਵਾਂ ਮੁਕਾਬਲਾ ਦਿਖਾ ਰਹੀਆਂ ਹਨ। ਸਰਵੇਖਣਾਂ ਵਿਚ ਸੋਸ਼ਲ ਡੈਮੋਕ੍ਰੇਟਾਂ ਨੂੰ ਲੀਡ ਮਿਲ ਰਹੀ ਹੈ। ਇਕ ਹੋਰ ਧਿਰ ‘ਐਨਵਾਇਰਨਮੈਂਟਲ ਗਰੀਨਜ਼’ ਤੀਜੇ ਸਥਾਨ ਉਤੇ ਹੈ। ਜਰਮਨੀ ਦੇ ਲੋਕ ਇਨ੍ਹਾਂ ਚੋਣਾਂ ਵਿਚ ਹੇਠਲੇ ਸਦਨ ਦੇ ਮੈਂਬਰਾਂ ਨੂੰ ਚੁਣਨਗੇ। ਇਹੀ ਸਦਨ ਸਰਕਾਰ ਦੇ ਅਗਲੇ ਮੁਖੀ ਦੀ ਚੋਣ ਕਰੇਗਾ। ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ ਤੇ ਸਾਰੀਆਂ ਧਿਰਾਂ ਨੂੰ 30 ਪ੍ਰਤੀਸ਼ਤ ਤੋਂ ਹੇਠਾਂ ਹਮਾਇਤ ਹੀ ਮਿਲ ਰਹੀ ਹੈ। ਇਸ ਤਰ੍ਹਾਂ ਦੀ ਸਥਿਤੀ ਵਿਚ ਕਈ ਗੱਠਜੋੜ ਬਣ ਸਕਦੇ ਹਨ ਜਾਂ ਫਿਰ ਨਵੀਂ ਸਰਕਾਰ ਕਾਇਮ ਕਰਨ ਵਿਚ ਕਈ ਹਫ਼ਤਿਆਂ ਜਾਂ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਉਦੋਂ ਤੱਕ ਮਰਕਲ ਆਪਣੇ ਅਹੁਦੇ ਉਤੇ ਬਣੀ ਰਹੇਗੀ। ਜ਼ਿਕਰਯੋਗ ਹੈ ਕਿ ਮਰਕਲ ਨੇ ਜਰਮਨੀ ਨੂੰ ਕਈ ਵੱਡੇ ਸੰਕਟਾਂ ਵਿਚੋਂ ਕੱਢਿਆ ਹੈ। ਨਵੇਂ ਚਾਂਸਲਰ ਸਿਰ ਜਰਮਨੀ ਨੂੰ ਕਰੋਨਾਵਾਇਰਸ ਦੇ ਅਸਰਾਂ ਹੇਠੋਂ ਕੱਢਣ ਦੀ ਚੁਣੌਤੀ ਹੋਵੇਗੀ।
ਲਾਸ਼ੇਟ ਧਿਰ ਵੱਲੋਂ ਟੈਕਸ ਵਧਾਉਣ ਉਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਚੋਣ ਮੁਹਿੰਮ ਵਿਚ ਵਿਦੇਸ਼ ਨੀਤੀ ਉਤੇ ਜ਼ਿਆਦਾ ਜ਼ੋਰ ਨਹੀਂ ਦਿੱਤਾ ਗਿਆ ਹੈ ਜਦਕਿ ਗਰੀਨਜ਼ ਚੀਨ ਤੇ ਰੂਸ ਖ਼ਿਲਾਫ਼ ਸਖ਼ਤੀ ਦੇ ਪੱਖ ਵਿਚ ਹਨ। -ਏਪੀ