ਕੋਲੰਬੋ/ਸਿੰਗਾਪੁਰ, 14 ਜੁਲਾਈ
ਮੁੱਖ ਅੰਸ਼
- ਨਵੇਂ ਰਾਸ਼ਟਰਪਤੀ ਦੀ ਚੋਣ ਲਈ ਰਾਹ ਪੱਧਰਾ ਹੋਣ ਦੀ ਸੰਭਾਵਨਾ
- ਝੜਪਾਂ ’ਚ ਇਕ ਵਿਅਕਤੀ ਦੀ ਮੌਤ, 84 ਹੋਰ ਜ਼ਖ਼ਮੀ
ਆਰਥਿਕ ਮੰਦੀ ਕਾਰਨ ਝੰਬੇ ਸ੍ਰੀਲੰਕਾ ’ਚ ਵੱਡੇ ਪੱਧਰ ’ਤੇ ਪ੍ਰਦਰਸ਼ਨਾਂ ਤੋਂ ਡਰ ਕੇ ਭੱਜੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਸਿੰਗਾਪੁਰ ਪਹੁੰਚ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਚਿੱਠੀ ਅੱਜ ਸੰਸਦ ਦੇ ਸਪੀਕਰ ਨੂੰ ਭੇਜ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਸਪੀਕਰ ਮਹਿੰਦਾ ਯਪਾ ਅਬੇਯਵਰਦਨਾ ਨੂੰ ਈ-ਮੇਲ ਰਾਹੀਂ ਅਸਤੀਫ਼ਾ ਮਿਲ ਗਿਆ ਹੈ ਅਤੇ ਉਹ ਉਸ ਦੀ ਵੈਧਤਾ ਦੀ ਘੋਖ ਕਰ ਰਹੇ ਹਨ। ਜੇਕਰ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਤਾਂ ਨਵੇਂ ਰਾਸ਼ਟਰਪਤੀ ਦੀ ਚੋਣ ਦਾ ਰਾਹ ਪੱਧਰਾ ਹੋਵੇਗਾ ਤੇ ਇਸ ਦਾ ਫੈਸਲਾ ਭਲਕੇ ਹੋ ਸਕਦਾ ਹੈ। ਇਸ ਦੌਰਾਨ ਅਧਿਕਾਰੀਆਂ ਨੇ ਰਾਜਧਾਨੀ ਕੋਲੰਬੋ ਸਮੇਤ ਪੱਛਮੀ ਸੂਬੇ ’ਚ ਅੱਜ ਦੁਪਹਿਰ ਤੋਂ ਸ਼ੁੱਕਰਵਾਰ ਸਵੇਰੇ ਤੱਕ ਲਈ ਮੁੜ ਕਰਫਿਊ ਲਗਾ ਦਿੱਤਾ ਹੈ। ਕਰਫਿਊ ਅੱਜ ਸਵੇਰੇ ਹਟਾ ਲਿਆ ਗਿਆ ਸੀ ਪਰ ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ ਹਿੰਸਾ ਮੁੜ ਭੜਕ ਸਕਦੀ ਹੈ ਜਿਸ ਕਾਰਨ ਉਨ੍ਹਾਂ ਮੁੜ ਕਰਫਿਊ ਲਗਾਉਣ ਦਾ ਫ਼ੈਸਲਾ ਲਿਆ ਹੈ।
ਪ੍ਰਦਰਸ਼ਨਕਾਰੀਆਂ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਰਾਸ਼ਟਰਪਤੀ ਭਵਨ ਤੇ ਪ੍ਰਧਾਨ ਮੰਤਰੀ ਦੇ ਦਫ਼ਤਰ ਸਮੇਤ ਹੋਰ ਪ੍ਰਸ਼ਾਸਕੀ ਇਮਾਰਤਾਂ ਨੂੰ ਖਾਲੀ ਕਰ ਦੇਣਗੇ। ਉਧਰ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਦੇ ਦਫ਼ਤਰ ਅਤੇ ਸੰਸਦ ਵੱਲ ਮਾਰਚ ਕਰ ਰਹੇ ਲੋਕਾਂ ਦੀ ਬੁੱਧਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਈ ਝੜਪ ’ਚ ਇਕ ਵਿਅਕਤੀ ਮਾਰਿਆ ਗਿਆ ਜਦਕਿ 84 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਸਨ। ਰਾਜਪਕਸੇ ਬੁੱਧਵਾਰ ਨੂੰ ਮਾਲਦੀਵ ਭੱਜ ਗਏ ਸਨ ਅਤੇ ਅੱਜ ਉਹ ਸਾਊਦੀ ਅਰਬ ਦੀ ਉਡਾਣ ਫੜ ਕੇ ਸਿੰਗਾਪੁਰ ਪਹੁੰਚ ਗਏ। ਸਿੰਗਾਪੁਰ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਾਜਪਕਸੇ ਪ੍ਰਾਈਵੇਟ ਦੌਰੇ ’ਤੇ ਉਨ੍ਹਾਂ ਦੇ ਮੁਲਕ ’ਚ ਆਏ ਹਨ ਅਤੇ ਉਨ੍ਹਾਂ ਕੋਈ ਪਨਾਹ ਨਹੀਂ ਮੰਗੀ ਹੈ। ਅਖ਼ਬਾਰ ‘ਦਿ ਡੇਅਲੀ ਮਿਰਰ’ ਦੀ ਰਿਪੋਰਟ ਮੁਤਾਬਕ ਰਾਜਪਕਸੇ, ਪਤਨੀ ਲੋਮਾ ਅਤੇ ਦੋ ਸੁਰੱਖਿਆ ਅਧਿਕਾਰੀਆਂ ਦੇ ਬੁੱਧਵਾਰ ਰਾਤ ਮਾਲੇ ਤੋਂ ਸਿੰਗਾਪੁਰ ਜਾਣ ਦੀ ਸੰਭਾਵਨਾ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਉਹ ਐੱਸਕਿਊ437 ਜਹਾਜ਼ ’ਚ ਨਹੀਂ ਬੈਠ ਸਕੇ। ਸੂਤਰਾਂ ਨੇ ਕਿਹਾ ਕਿ ਰਾਜਪਕਸੇ ਲਈ ਮਾਲਦੀਵ ਦੀ ਸੰਸਦ (ਮਜਲਿਸ) ਦੇ ਸਪੀਕਰ ਅਤੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਮੁਲਕ ’ਚ ਆਉਣ ਦਾ ਰਾਹ ਪੱਧਰਾ ਕੀਤਾ ਸੀ। ਨਸ਼ੀਦ ਨੇ ਐਲਾਨ ਕੀਤਾ ਸੀ ਕਿ ਸ੍ਰੀਲੰਕਾ ਦੇ ਰਾਸ਼ਟਰਪਤੀ ਰਾਜਪਕਸਾ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਨਿਲ ਵਿਕਰਮਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਲਾਏ ਜਾਣ ਮਗਰੋਂ ਹੋਰ ਤਣਾਅ ਪੈਦਾ ਹੋ ਗਿਆ ਹੈ ਅਤੇ ਲੋਕ ਉਸ ਦੇ ਅਸਤੀਫ਼ੇ ਦੀ ਵੀ ਮੰਗ ਕਰ ਰਹੇ ਹਨ। ਸਿਆਸੀ ਆਗੂ ਉਸ ਨੂੰ ਅਹੁਦੇ ਤੋਂ ਲਾਂਭੇ ਹੋਣ ਲਈ ਆਖ ਰਹੇ ਹਨ ਤਾਂ ਜੋ ਸਪੀਕਰ ਅਬੇਯਵਰਦਨਾ ਕਾਰਜਕਾਰੀ ਰਾਸ਼ਟਰਪਤੀ ਦਾ ਅਹੁਦਾ ਸਾਂਭ ਸਕਣ। ਵਿਕਰਮਸਿੰਘੇ ਨੇ ਸਪੀਕਰ ਨੂੰ ਕਿਹਾ ਹੈ ਕਿ ਉਹ ਸਰਬ ਪਾਰਟੀ ਅੰਤਰਿਮ ਸਰਕਾਰ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਢੁੱਕਵੇਂ ਉਮੀਦਵਾਰ ਨੂੰ ਨਾਮਜ਼ਦ ਕਰਨ। ਉਂਜ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਅੰਤਰਿਮ ਸਰਕਾਰ ’ਚ ਸਿਰਫ਼ ਉਨ੍ਹਾਂ ਦੀ ਪਸੰਦ ਦੇ ਸਿਆਸਤਦਾਨ ਹੋਣ। -ਪੀਟੀਆਈ/ਰਾਇਟਰਜ਼
ਭਾਰਤ ਨੂੰ ਸ੍ਰੀਲੰਕਾ ਸੰਕਟ ਦੇ ਛੇਤੀ ਹੱਲ ਦੀ ਆਸ
ਨਵੀਂ ਦਿੱਲੀ: ਭਾਰਤ ਨੇ ਕਿਹਾ ਹੈ ਕਿ ਉਹ ਸਿਆਸੀ ਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਦੇ ਲੋਕਾਂ ਨਾਲ ਡਟ ਕੇ ਖੜ੍ਹਾ ਹੈ ਅਤੇ ਆਸ ਜਤਾਈ ਕਿ ਛੇਤੀ ਹੀ ਇਸ ਦਾ ਜਮਹੂਰੀ ਅਤੇ ਸੰਵਿਧਾਨਕ ਢਾਂਚੇ ਰਾਹੀਂ ਹਲ ਨਿਕਲ ਆਵੇਗਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਦੀ ਨਜ਼ਰ ਸ੍ਰੀਲੰਕਾ ਦੇ ਹਾਲਾਤ ’ਤੇ ਲਗਾਤਾਰ ਬਣੀ ਹੋਈ ਹੈ ਅਤੇ ਉਹ ਮੁਲਕ ਦੀਆਂ ਸਾਰੀਆਂ ਧਿਰਾਂ ਦੇ ਸੰਪਰਕ ’ਚ ਹੈ। ਉਨ੍ਹਾਂ ਕਿਹਾ ਕਿ ਸ੍ਰੀਲੰਕਾ ਨੂੰ ਅਗਾਂਹ ਵਧਣ ਲਈ ਮਸਲਿਆਂ ਦਾ ਹੱਲ ਲੱਭਣ ਦੀ ਲੋੜ ਹੈ। ਮੀਡੀਆ ਵੱਲੋਂ ਸ੍ਰੀਲੰਕਾ ਦੇ ਹਾਲਾਤ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਬਾਗਚੀ ਨੇ ਕਿਹਾ ਕਿ ਭਾਰਤ ਦੇ ਸ੍ਰੀਲੰਕਾ ਨਾਲ ਰਿਸ਼ਤੇ ਇਤਿਹਾਸਕ ਅਤੇ ਵਿਆਪਕ ਹਨ। -ਪੀਟੀਆਈ